ਲੁਧਿਆਣਾ, 20 ਜਨਵਰੀ (ਡਾ. ਤਰਲੋਚਨ ਸਿੰਘ)-ਸਥਾਨਕ ਟਿੱਬਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਟੀਕੇ ਦੇ ਰੇਟ ਨੂੰ ਲੈ ਕੇ ਬੀਤੀ ਰਾਤ ਹੰਗਾਮਾ ਹੋ ਗਿਆ | ਮਰੀਜ਼ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਹਸਪਤਾਲ ਪ੍ਰਬੰਧਕ ਆਪਣੇ ਡਰੱਗ ਸਟੋਰ 'ਤੇ 500 ਰੁਪਏ ਵਾਲਾ ਟੀਕਾ 7500 ਰੁਪਏ ਵਿਚ ਦੇ ਰਹੇ ਸਨ | ਹਸਪਤਾਲ ਪ੍ਰਬੰਧਕਾਂ ਨੂੰ ਜਦੋਂ ਟੀਕੇ ਦਾ ਰੇਟ ਘੱਟ ਕਰਨ ਨੂੰ ਕਿਹਾ ਤਾਂ ਡਰੱਗ ਸਟੋਰ ਵਾਲਾ ਉਹ ਟੀਕਾ 5000 ਰੁਪਏ ਵਿਚ ਦੇਣ ਨੂੰ ਮੰਨ ਗਿਆ | ਇਸ ਘਟਨਾ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ | ਇਸ ਧਰਨੇ ਦਾ ਪਤਾ ਲਗਦੇ ਹੀ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂ ਜਸਦੀਪ ਸਿੰਘ ਕਾਉਂਕੇ ਪਰਿਵਾਰਕ ਮੈਂਬਰਾਂ ਦੇ ਨਾਲ ਹਸਪਤਾਲ ਬਾਹਰ ਧਰਨੇ 'ਤੇ ਬੈਠ ਗਏ | ਉਥੇ ਹੀ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਪਰਿਵਾਰ ਵਾਲਿਆਂ ਵਲੋਂ ਲਗਾਏ ਦੋਸ਼ ਝੂਠੇ ਹਨ | ਜੇਕਰ ਪਰਿਵਾਰਕ ਮੈਂਬਰਾਂ ਨੂੰ ਟੀਕੇ ਦੇ ਰੇਟ ਨੂੰ ਲੈ ਕੇ ਕੋਈ ਦਿੱਕਤ ਹੈ ਤਾਂ ਉਹ ਸਿਵਲ ਸਰਜਨ ਨੂੰ ਸ਼ਿਕਾਇਤ ਦੇਣ | ਉਹ ਇਸ ਦਾ ਜਵਾਬ ਸਿਵਲ ਸਰਜਨ ਨੂੰ ਦੇਣਗੇ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੋ ਰਿਹਾ ਸੀ, ਜਿਸ ਕਾਰਨ ਮਹਿਲਾ ਨੂੰ ਇਸ ਹਸਪਤਾਲ ਵਿਚ ਲੈ ਕੇ ਆਏ ਸਨ | ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰ ਲਿਆ | ਡਾਕਟਰਾਂ ਨੇ ਪਰਿਵਾਰਕ ਮੈਂਬਰ ਤੋਂ ਪੰਜ ਟੀਕੇ ਮੰਗਵਾਏ, ਜਿਸ ਵਿਚੋਂ ਦੋ ਟੀਕੇ ਰਾਤ ਨੂੰ ਲਗਾ ਦਿੱਤੇ | ਜਦੋਂ ਸਵੇਰੇ ਸਟਾਫ਼ ਬਦਲਿਆ ਤਾਂ ਉਨ੍ਹਾਂ ਨੇ ਪੰਜ ਟੀਕੇ ਫਿਰ ਮੰਗਵਾ ਲਏ | ਜਦੋਂ ਉਹ ਸਟੋਰ 'ਤੇ ਪਹੁੰਚਿਆ ਤਾਂ ਉਸ ਨੇ ਡਰੱਗ ਸਟੋਰ 'ਤੇ ਬੈਠੇ ਕਰਮਚਾਰੀ ਨੂੰ ਪੁੱਛਿਆ ਕਿ ਇਹ ਟੀਕੇ ਤਾਂ ਉਹੀ ਹਨ, ਜੋ ਉਹ ਰਾਤ ਨੂੰ ਲੈ ਕੇ ਗਿਆ ਸੀ | ਡਰੱਗ ਸਟੋਰ 'ਤੇ ਬੈਠੇ ਕਰਮਚਾਰੀ ਨੇ ਕਿਹਾ ਕਿ ਹਾਂ ਉਹੀ ਹਨ, ਜਿਸ 'ਤੇ ਉਸ ਨੇ ਦੋ ਟੀਕੇ ਲਏ ਅਤੇ ਵਾਰਡ ਵਿਚ ਸਟਾਫ਼ ਨੂੰ ਦੇ ਦਿੱਤੇ | ਉਸ ਨੇ ਸਟਾਫ਼ ਨੂੰ ਕਿਹਾ ਕਿ ਤਿੰਨ ਟੀਕੇ ਰਾਤ ਦੇ ਬਚੇ ਹਨ ਅਤੇ ਦੋ ਇਹ ਹਨ | ਸਟਾਫ਼ ਨੇ ਪਹਿਲੇ ਤਿੰਨ ਟੀਕੇ ਬਚੇ ਹੋਣ ਤੋਂ ਇਨਕਾਰ ਕਰ ਦਿੱਤਾ, ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਉਹ ਤਿੰਨ ਟੀਕੇ ਵੀ ਇੱਧਰੋਂ ਉਧਰੋਂ ਮਿਲ ਗਏ | ਉਸ ਤੋਂ ਬਾਅਦ ਸਟਾਫ਼ ਨੇ ਮਰੀਜ਼ ਦਾ ਇਲਾਜ ਸ਼ੁਰੂ ਕੀਤਾ | ਕੁੱਝ ਦੇਰ ਬਾਅਦ ਸਟਾਫ਼ ਨੇ ਦਵਾਈ ਦੀ ਇਕ ਹੋਰ ਪਰਚੀ ਦੇ ਦਿੱਤੀ ਅਤੇ ਕਿਹਾ ਕਿ ਡਰੱਗ ਸਟੋਰ ਤੋਂ ਦਵਾਈਆਂ ਲਿਆਓ, ਜਦੋਂ ਉਹ ਦਵਾਈ ਲੈਣ ਗਿਆ ਤਾਂ ਉਸ ਨੇ ਦਵਾਈਆਂ ਦੀ ਕੀਮਤ ਪੁੱਛੀ ਤਾਂ ਉਸ ਨੂੰ ਡਰੱਗ ਸਟੋਰ ਵਾਲੇ ਨੇ ਦੱਸਿਆ ਕਿ 24 ਹਜ਼ਾਰ ਦੀ ਆਵੇਗੀ | ਉਸ ਕੋਲ ਇੰਨੇ ਪੈਸੇ ਨਾ ਹੋਣ ਕਰਕੇ ਉਸ ਨੇ ਆਪਣੇ ਦੋਸਤ ਯੂਥ ਆਗੂ ਜਸਦੀਪ ਸਿੰਘ ਕਾਉਂਕੇ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਦਵਾਈ ਕਿਤੋਂ ਸਸਤੀ ਦਵਾ ਦਿਓ | ਕਾਉਂਕੇ ਨੇ ਦੱਸਿਆ ਕਿ ਉਹ ਹਸਪਤਾਲ ਵਿਚ ਪਹੁੰਚਿਆ ਅਤੇ ਉਸ ਨੇ ਟੀਕੇ ਦੇ ਬਾਰੇ ਪੁੱਛਿਆ, ਤਾਂ ਜਦੋਂ ਉਨ੍ਹਾਂ ਨੇ ਉਹ ਟੀਕੇ 'ਤੇ ਰੇਟ ਦੇਖਿਆ ਤਾਂ ਉਸ 'ਤੇ 7500 ਰੁਪਏ ਪਿ੍ੰਟ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦਵਾਈ ਦਾ ਰੇਟ ਆਨਲਾਈਨ ਚੈੱਕ ਕੀਤਾ ਤਾਂ ਇਹ ਟੀਕਾ 500 ਰੁਪਏ ਦਾ ਸੀ | ਉਸ ਤੋਂ ਬਾਅਦ ਉਨ੍ਹਾਂ ਦਵਾਈ ਦੀਆਂ ਹੋਰ ਦੁਕਾਨਾਂ ਤੋਂ ਟੀਕੇ ਦਾ ਰੇਟ ਪਤਾ ਕੀਤਾ ਤਾਂ ਉੱਥੇ ਵੀ ਉਸ ਦੀ ਕੀਮਤ 500 ਰੁਪਏ ਦੱਸੀ ਗਈ | ਹਸਪਤਾਲ ਬਾਹਰ ਲੱਗੇ ਇਸ ਧਰਨੇ ਬਾਰੇ ਜਦੋਂ ਦੇਰ ਰਾਤ ਹਲਕੇ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ ਪਤਾ ਲੱਗਿਆ ਤਾਂ ਉਹ ਧਰਨਾ ਸਥਾਨ 'ਤੇ ਪਹੁੰਚੇ ਅਤੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਹਸਪਤਾਲ ਦੇ ਵਿਰੁੱਧ ਸਖ਼ਤ ਕਾਰਵਾਈ ਕਰਵਾਉਣਗੇ | ਇਸ ਮੌਕੇ ਯੂਥ ਆਗੂ ਕਾਉਂਕੇ ਨੇ ਸਿਵਲ ਸਰਜਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਸਪਤਾਲ ਦੇ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ |