ਲੁਧਿਆਣਾ, 20 ਜਨਵਰੀ (ਜਤਿੰਦਰ ਭੰਬੀ)-ਵਰਕਰਜ਼ ਫੈਡਰੇਸ਼ਨ ਇੰਟਕ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਦੇ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਮਾਡਲ ਟਾਊਨ ਵਿਖੇ ਮੋਦੀ ਸਰਕਾਰ, ਜੋ 2025 ਬਿੱਲ ਲਿਆ ਰਹੀ ਹੈ, ਉਸ ਦੇ ਖ਼ਿਲਾਫ਼ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ | ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਸ ਤੋਂ ਬਾਅਦ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ ਦੇ ਉਲਟ ਹੋ ਜਾਂਦੀ ਹੈ | ਪੰਜਾਬ ਵਿਚ ਜਿੰਨੀਆਂ ਵੀ ਜਥੇਬੰਦੀਆਂ ਹਨ, ਉਹ 2025 ਬਿੱਲ ਦਾ ਵਿਰੋਧ ਕਰਦੀਆਂ ਹਨ | ਉਨ੍ਹਾਂ ਕਿਹਾ ਕਿ 2025 ਵਿਚ ਹਿੰਦੁਸਤਾਨ ਦੀਆਂ ਟਰੇਡ ਯੂਨੀਅਨ ਨਾਲ ਮੀਟਿੰਗ ਹੋਈ ਸੀ, ਪਰ ਉਸ ਤੋਂ ਬਾਅਦ ਅੱਜ ਤੱਕ ਕੇਂਦਰ ਸਰਕਾਰ ਨੇ ਮੀਟਿੰਗ ਲਈ ਸਮਾਂ ਨਹੀਂ ਦਿੱਤਾ | ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੱਪਾਂ ਮਾਰਨ ਵਿਚ ਬਹੁਤ ਮਾਹਿਰ ਹਨ, ਪਰ ਉਨ੍ਹਾਂ ਨੇ ਅਜੇ ਤੱਕ ਮੁਲਾਜ਼ਮਾਂ, ਪੈਨਸ਼ਨਰਾਂ ਤੇ ਪੰਚਾਇਤਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ | ਇਸ ਮੌਕੇ ਵਰਕਿੰਗ ਪ੍ਰਧਾਨ ਗੁਰਦੀਪ ਸਿੰਘ ਤੋਂ ਇਲਾਵਾ ਦਲਜੀਤ ਸਿੰਘ ਗਰੇਵਾਲ ਪ੍ਰਧਾਨ, ਹਰਦੀਪ ਸਿੰਘ ਸੰਗਰੂਰ, ਹਰਜੀਤ ਸਿੰਘ ਉਪ ਪ੍ਰਧਾਨ, ਦਲਜੀਤ ਸਿੰਘ ਖ਼ਜ਼ਾਨਚੀ, ਬਲਕਾਰ ਸਿੰਘ, ਹਰਨੇਕ ਸਿੰਘ, ਰਬਿੰਦਰ ਸਿੰਘ, ਅਮਨਜੋਤ ਸਿੰਘ, ਰਮਨਦੀਪ ਸਿੰਘ, ਰੇਸ਼ਮ ਸਿੰਘ ਨੇ ਵੀ ਹਿੱਸਾ ਲਿਆ |