ਖਡੂਰ ਸਾਹਿਬ, 23 ਜੂਨ (ਰਸ਼ਪਾਲ ਸਿੰਘ ਕੁਲਾਰ)— ਖਡੂਰ ਸਾਹਿਬ ਅਧੀਨ ਆਉਂਦੇ ਇਲਾਕਿਆਂ ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ 28 ਜੂਨ ਤੋਂ 30 ਜੂਨ ਤੱਕ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਕਾਰਜਕਾਰੀ ਸਿਵਲ ਸਰਜਨ ਡਾ. ਭਾਰਤੀ ਧਵਨ, ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਵਰਿੰਦਰਪਾਲ ਕੌਰ ਅਤੇ ਐੱਸ.ਐੱਮ.ਓ. ਖਡੂਰ ਸਾਹਿਬ ਡਾ. ਗੁਰਮਿੰਦਰ ਕੌਰ ਦੀ ਯੋਗ ਅਗਵਾਈ ਹੇਠ ਉਲੀਕੀ ਗਈ ਹੈ। ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਡਾ. ਪਰਮਪਾਲ ਸਿੰਘ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਸਿਹਤ ਮੁਹਿੰਮ ਦੌਰਾਨ 100 ਫੀਸਦੀ ਉਦੇਸ਼ ਹਾਸਲ ਕਰਨ ਲਈ ਵੱਖ-ਵੱਖ ਟੀਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿਚ ਮੈਡੀਕਲ ਸਟਾਫ਼, ਨਰਸਿੰਗ ਵਿਦਿਆਰਥੀ, ਮਲਟੀਪਰਪਜ ਹੈਲਥ ਵਰਕਰ, ਆਸ਼ਾ ਵਰਕਰਜ, ਲੇਡੀ ਹੈਲਥ ਵਿਜੀਟਰਜ ਸ਼ਾਮਿਲ ਹੋਣਗੇ। ਨੋਡਲ ਅਫਸਰ ਅਤੇ ਸਿਹਤ ਅਧਿਕਾਰੀਆਂ ਵਲੋਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਬੱਚਾ ਵੈਕਸੀਨ ਦੀ ਖੁਰਾਕ ਤੋਂ ਵਾਂਝਾ ਨਾ ਰਹੇ। ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂਥਾਂ ’ਤੇ ਲਿਆ ਕੇ ਜਿੰਦਗੀ ਦੀਆਂ ਦੋ ਬੂੰਦਾਂ ਜਰੂਰ ਪਿਲਾਉਣ ਅਤੇ ਘਰ-ਘਰ ਆਉਣ ਵਾਲੀਆਂ ਸਿਹਤ ਟੀਮਾਂ ਨੂੰ ਪੂਰਨ ਸਹਿਯੋਗ ਦੇਣ।