ਤਰਨ ਤਾਰਨ, 29 ਮਾਰਚ (ਹਰਿੰਦਰ ਸਿੰਘ)-ਬੀਤੇ ਦਿਨੀਂ ਫੋਕਲ ਪੁਆਇੰਟ ਵਿਖੇ ਇਕ ਘਰ ਵਿਚੋਂ ਚੋਰ ਨੇ ਉਸ ਸਮੇਂ ਸੋਨਾ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ, ਜਦ ਘਰ ਦੇ ਮਾਲਕ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲਣ ਲਈ ਗਏ ਸਨ | ਚੋਰ ਚੋਰੀ ਕਰਕੇ ਘਰ ਤੋਂ ਫ਼ਰਾਰ ਹੋ ਗਿਆ | ਇਸ ਸੰਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਨਜ਼ਦੀਕੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਚੋਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸੰਬੰਧੀ ਰਣਜੀਤ ਕੌਰ ਪਤਨੀ ਮਨਦੀਪ ਸਿੰਘ ਵਾਸੀ ਫੋਕਲ ਪੁਆਇੰਟ ਨੇ ਦੱਸਿਆ ਕਿ ਉਸ ਦਾ ਪਤੀ ਰਣਜੀਤ ਸਿੰਘ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਘਰ ਵਿਚ ਉਹ ਅਤੇ ਉਸ ਦਾ ਛੋਟਾ ਲੜਕਾ ਸੀ | ਉਸ ਦੇ ਭਰਾ ਦਾ ਘਰ ਨਜ਼ਦੀਕ ਹੀ ਹੈ | ਉਹ ਅਤੇ ਉਸ ਦਾ ਲੜਕਾ ਉਥੇ ਥੋੜ੍ਹੇ ਸਮੇਂ ਲਈ ਗਏ ਸਨ | ਜਦ ਉਹ ਵਾਪਸ ਆਏ ਤਾਂ ਘਰ ਦਾ ਦਰਵਾਜ਼ਾ ਖੋਲਿ੍ਹਆ | ਉਸ ਦੇ ਲੜਕੇ ਨੇ ਦੇਖਿਆ ਕਿ ਇਕ ਨੌਜਵਾਨ ਅੰਦਰ ਹੈ ਅਤੇ ਲੁਕ ਰਿਹਾ ਹੈ | ਉਸ ਨੇ ਉਸ ਨੂੰ ਫੜ ਲਿਆ, ਪਰ ਚੋਰ ਉਸ ਨੂੰ ਧੱਕਾ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਉਨ੍ਹਾਂ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਚੋਰ ਵਲੋਂ ਘਰ ਵਿਚ ਪਈ ਅਲਮਾਰੀ ਨੂੰ ਤੋੜ ਕੇ ਉਸ ਵਿਚੋਂ ਸੋਨਾ, ਪੈਸੇ, ਮੋਬਾਈਲ ਫ਼ੋਨ ਅਤੇ ਘੜੀਆਂ ਚੋਰੀ ਕਰ ਲਈਆਂ ਅਤੇ ਫ਼ਰਾਰ ਹੋ ਗਿਆ | ਇਸ ਸੰਬੰਧ ਵਿਚ ਉਨ੍ਹਾਂ ਨੇ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਨਾ ਦਿੱਤੀ | ਡੀ.ਐਸ.ਪੀ. ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਰਣਜੀਤ ਕੌਰ ਵਲੋਂ ਦਿੱਤੀ ਗਈ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਚੋਰ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਚੋਰ ਪਾਸੋਂ ਚੋਰੀ ਕੀਤਾ ਹੋਇਆ ਸਾਮਾਨ ਬਰਾਮਦ ਕੀਤਾ ਜਾ ਰਿਹਾ ਹੈ |