ਤਰਨ ਤਾਰਨ, 29 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਵਲੋਂ ਹੈਰੋਇਨ, ਚੋਰੀ ਦੇ ਮੋਟਰਸਾਈਕਲ, ਨਾਜਾਇਜ਼ ਸ਼ਰਾਬ, ਡਰੱਗ ਮਨੀ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 11 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੇ ਏ.ਐਸ.ਆਈ. ਨਰਿੰਦਰ ਸਿੰਘ ਪੁਲ ਸੂਆ ਗਹਿਰੀ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਰਵਿੰਦਰ ਸਿੰਘ ਉਰਫ਼ ਮੰਗਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਗਹਿਰੀ ਦੇ ਘਰ ਛਾਪਾ ਮਾਰ ਕੇ 10680 ਮਿ.ਲੀ. ਨਾਜਾਇਜ਼ ਸ਼ਰਾਬ ਅਤੇ 18 ਲੀਟਰ ਲਾਹਣ ਸਮੇਤ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਇਸੇ ਤਰ੍ਹਾਂ ਥਾਣਾ ਝਬਾਲ ਦੇ ਏ.ਐਸ.ਆਈ. ਤਸਵੀਰ ਸਿੰਘ ਸਪੈਸ਼ਲ ਨਾਕਾਬੰਦੀ ਦੌਰਾਨ ਅੱਡਾ ਖੈਰਦੀਨਕੇ ਵਿਖੇ ਮੁਖ਼ਬਰ ਦੀ ਇਤਲਾਹ 'ਤੇ ਇਕ ਵਿਅਕਤੀ ਨੂੰ ਬਿਨਾਂ ਨੰਬਰੀ ਮੋਟਰਸਾਈਕਲ ਹੀਰੋ ਸਪਲੈਂਡਰ ਰੰਗ ਕਾਲਾ ਸਮੇਤ ਗਿ੍ਫ਼ਤਾਰ ਕੀਤਾ ਹੈ, ਜੋ ਕਿ ਚੋਰੀ ਦਾ ਪਾਇਆ ਗਿਆ | ਫੜੇ ਗਏ ਵਿਅਕਤੀ ਦੀ ਪਛਾਣ ਵਿਜੈ ਸਿੰਘ ਪੁੱਤਰ ਸੰਦੀਪ ਸਿੰਘ ਵਾਸੀ ਐਮਾ ਕਲਾਂ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਗੋਇੰਦਵਾਲ ਸਾਹਿਬ ਦੇ ਏ.ਐਸ.ਆਈ. ਅਰਜਨ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਕਣਕ ਗੌਦਾਮ ਇੰਡਸਟਰੀ ਖ਼ੇਤਰ ਤੋਂ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 11 ਗ੍ਰਾਮ 77 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ | ਫੜੇ ਗਏ ਨੌਜਵਾਨਾਂ ਦੀ ਪਛਾਣ ਤੇਜਵੀਰ ਸਿੰਘ ਪੁੱਤਰ ਹਰਚਰਨ ਸਿੰਘ ਅਤੇ ਬਿਕਰਮਜੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀਆਨ ਬਿਧੀ ਚੰਦ ਕਲੋਨੀ ਗੋਇੰਦਵਾਲ ਵਜੋਂ ਹੋਈ | ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਕੁਲਵਿੰਦਰਪਾਲ ਸਿੰਘ ਵਲੋਂ ਗਸ਼ਤ ਦੌਰਾਨ ਦਲਜੀਤ ਸਿੰਘ ਉਰਫ਼ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 7 ਚੇਲਾ ਕਲੋਨੀ ਭਿੱਖੀਵਿੰਡ ਨੂੰ ਸ਼ੱਕ ਦੇ ਅਧਾਰ 'ਤੇ ਗਿ੍ਫ਼ਤਾਰ ਕਰਕੇ ਉਸ ਪਾਸੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐਸ.ਆਈ. ਸ਼ਿੰਗਾਰਾ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਡਿਫੈਂਸ ਡਰੇਨ ਮਾੜੀ ਮੇਘਾ ਪੁੱਜੇ ਤਾਂ ਇਕ ਮੋਨਾ ਨੌਜਵਾਨ ਆਪਣੇ ਸੱਜੇ ਹੱਥ ਵਿਚ ਇਕ ਵਜ਼ਨਦਾਰ ਕੈਨੀ ਪਲਾਸਟਿਕ ਫੜੀ ਆਉਂਦਾ ਦਿਖਾਈ ਦਿੱਤਾ, ਜਿਸ ਸ਼ੱਕ ਦੇ ਅਧਾਰ 'ਤੇ ਪੁਲਿਸ ਪਾਰਟੀ ਵਲੋਂ ਕਾਬੂ ਕੀਤਾ ਤੇ ਉਸ ਦੇ ਹੱਥ ਵਿਚ ਫੜੀ ਹੋਈ ਕੈਨੀ ਪਲਾਸਟਿਕ ਦਾ ਢੱਕਣ ਖੋਲ੍ਹ ਕੇ ਚੈਕ ਕੀਤਾ ਤਾਂ ਉਸ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਿਸ ਦੀ ਮਿਣਤੀ ਕਰਨ 'ਤੇ 35 ਬੋਤਲਾਂ (26250 ਐਮ.ਐਲ) ਹੋਈ | ਕਾਬੂ ਕੀਤੇ ਨੌਜਵਾਨ ਦੀ ਪਛਾਣ ਅੰਮਿ੍ਤਪਾਲ ਸਿੰਘ ਉਰਫ਼ ਮੋਟਾ ਪੁੱਤਰ ਪਰਮਜੀਤ ਸਿੰਘ ਵਾਸੀ ਮਾੜੀ ਮੇਘਾ ਵਜੋਂ ਹੋਈ | ਇਸੇ ਤਰ੍ਹਾਂ ਹਰੀਕੇ ਦੇ ਪੁਲਿਸ ਅਧਿਕਾਰੀ ਮਨਦੀਪ ਕੌਰ ਪੁਲਿਸ ਪਾਰਟੀ ਸਮੇਤ ਮੇਨ ਹਾਈਵੇ ਲੇਅ ਲਾਈਨ ਵਹੀਕਲ ਪਾਰਕ ਨਜ਼ਦੀਕ ਨਿਆਰਾ ਪੰਪ ਹਰੀਕੇ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਪਾਰਕ ਵਿਚ ਇਕ ਨੌਜਵਾਨ ਖੜ੍ਹਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਨੌਜਵਾਨ ਦੀ ਪਛਾਣ ਹਰਬਰਿੰਦਰ ਸਿੰਘ ਪੁੱਤਰ ਹੈਰੀ ਪੁੱਤਰ ਕੇਵਲ ਸਿੰਘ ਵਾਸੀ ਚੰਬਾ ਕਲਾਂ ਵਜੋਂ ਹੋਈ | ਥਾਣਾ ਸਰਹਾਲੀ ਦੇ ਏ.ਐਸ.ਆਈ. ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸੰਬੰਧ ਵਿਚ ਮੰਡੀ ਦਦੇਹਰ ਸਾਹਿਬ ਮੌਜੂਦ ਸਨ ਤਾਂ ਉਨ੍ਹਾਂ ਨੂੰ ਸਾਹਮਣੇ ਤੋਂ ਦੋ ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਮੁੜਨ ਲੱਗੇ ਤਾਂ ਪੁਲਿਸ ਪਾਰਟੀ ਨੂੰ ਸ਼ੱਕ ਪੈਣ 'ਤੇ ਜਦ ਉਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਵਿਚੋਂ ਅੰਗਰੇਜ ਸਿੰਘ ਉਰਫ਼ ਗੇਜਾ ਪੁੱਤਰ ਤਰਸੇਮ ਸਿੰਘ ਵਾਸੀ ਪੱਤੀ ਖਾਸੀ ਕੀ ਸਰਹਾਲੀ ਕੋਲੋਂ 6 ਗ੍ਰਾਮ ਅਤੇ ਨਿਰਵੈਲ ਸਿੰਘ ਪੁੱਤਰ ਸਰਮੁੱਖ ਸਿੰਘ ਵਾਸੀ ਠੱਠੀਆਂ ਮਹੰਤਾਂ ਕੋਲੋਂ 5 ਗ੍ਰਾਮ (ਕੁੱਲ 11 ਗ੍ਰਾਮ) ਹੈਰੋਇਨ ਬਰਾਮਦ ਹੋਈ | ਐਸ.ਐਸ.ਪੀ. ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਸਰਹਾਲੀ ਦੇ ਏ.ਐਸ.ਆਈ. ਮਹਿਲ ਸਿੰਘ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸੰਬੰਧ ਵਿਚ ਨੌਸ਼ਹਿਰਾ ਪੰਨੂੰਆਂ ਬਾਈਪਾਸ ਟੀ. ਪੁਆਇੰਟ ਫੈਲੋਕੇ, ਭੱਠਲ ਭਾਈਕੇ ਵਿਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਪਿੰਡ ਫੈਲੋਕੇ ਵਲੋਂ ਇਕ ਸਕੂਟਰੀ ਰੰਗ ਕਾਲਾ ਆਉਂਦੀ ਦਿਖਾਈ ਦਿੱਤੀ, ਜਿਸ ਉਪਰ 2 ਨੌਜਵਾਨ ਸਵਾਰ ਸਨ, ਜਿੰਨਾਂ 'ਤੇ ਸ਼ੱਕ ਪੈਣ ਕਾਰਨ ਪੁਲਿਸ ਵਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 49 ਗ੍ਰਾਮ 83 ਮਿਲੀਗ੍ਰਾਮ ਹੈਰੋਇਨ, 2500 ਰੁਪਏ ਡਰੱਗ ਮਨੀ ਭਾਰਤੀ ਕਰੰਸੀ ਬਰਾਮਦ ਹੋਈ | ਫੜੇ ਗਏ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੰਮੂ ਪੁੱਤਰ ਗੁਰਦੇਵ ਸਿੰਘ, ਬਲਦੇਵ ਸਿੰਘ ਉਰਫ਼ ਜੋਰਾ ਪੁੱਤਰ ਜੋਗਿੰਦਰ ਸਿੰਘ ਵਾਸੀਆਨ ਪਿੰਡ ਫੈਲੋਕੇ ਵਜੋਂ ਹੋਈ | ਪੁਲਿਸ ਵਲੋਂ ਉਕਤ ਨੌਜਵਾਨਾਂ ਕੋਲੋਂ ਇਸ ਹੈਰੋਇਨ ਸੰਬੰੰਧੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਇਹ ਹੈਰੋਇਨ ਅਸੀਂ ਭੁਪਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਫੈਲੋਕੇ ਕੋਲੋਂ ਖਰੀਦ ਕੇ ਲਿਆਏ ਹਨ, ਜਿਸ 'ਤੇ ਪੁਲਿਸ ਵਲੋਂ ਭੁਪਿੰਦਰ ਸਿੰਘ ਦੇ ਖ਼ਿਲਾਫ਼ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰਕੇ ਉਸ ਦੀ ਗਿ੍ਫ਼ਤਾਰੀ ਲਈ ਇਲਾਕੇ ਵਿਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ |
ਹੈਰੋਇਨ, ਚੋਰੀ ਦੇ ਮੋਟਰਸਾਈਕਲ, ਨਾਜਾਇਜ਼ ਸ਼ਰਾਬ, ਡਰੱਗ ਮਨੀ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 11 ਵਿਅਕਤੀ ਪੁਲਿਸ ਵਲੋਂ ਕਾਬੂ <br/>
ਐਸ. ਐਸ. ਪੀ. ਸੁਰਿੰਦਰ ਲਾਂਬਾ |<br/>
30-03-2026