14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਟੋਲ ਪਲਾਜ਼ਾ ਕੱਥੂਨੰਗਲ ’ਚ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 27-07-2026

ਕੱਥੂਨੰਗਲ, 26 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)- ਪੰਜਾਬ ’ਚ ਸਫ਼ਾਈ ਸੇਵਕਾਂ ਤੇ ਮਨਰੇਗਾ ਕਾਮਿਆਂ ’ਤੇ ਕੀਤੇ ਅੱਤਿਆਚਾਰ ਖ਼ਿਲਾਫ਼ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਸੂਬਾ ਪੱਧਰੀ ਸੱਦੇ ’ਤੇ ਜ਼ੋਨ ਬਾਬਾ ਬੁੱਢਾ ਸਾਹਿਬ, ਜ਼ੋਨ ਕੱਥੂਨੰਗਲ, ਜ਼ੋਨ ਟਾਹਲੀ ਸਾਹਿਬ ਅਤੇ ਜ਼ੋਨ ਮਜੀਠਾ ਵਲੋਂ ਟੋਲ ਪਲਾਜ਼ਾ ਕੱਥੂਨੰਗਲ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਨੇ ਕਿਹਾ ਕਿ ਦੇਸ਼ ਦੀ ਸਰਕਾਰ ਹੋਵੇ ਜਾਂ ਸੂਬਾ ਸਰਕਾਰ, ਦੋਵਾਂ ਨੂੰ ਚਲਾ ਰਹੀਆਂ ਪਾਰਟੀਆਂ ਦੋਗਲੀ ਨੀਤੀ ’ਤੇ ਚੱਲ ਰਹੀਆਂ ਹਨ । ਜਦੋਂ ਕੇਂਦਰ ਸਰਕਾਰ ਜੰਤਰ ਮੰਤਰ ’ਤੇ ਬੈਠੇ ਵਿਦਿਆਰਥੀਆਂ ਨੂੰ ਕੁੱਟਦੀ ਹੈ ਤਾਂ ਪੰਜਾਬ ਸਰਕਾਰ ’ਚ ਬੈਠੇ ਸਿਆਸਤਦਾਨ ਮਗਰਮੱਛ ਵਾਲੇ ਅੱਥਰੂ ਵਹਾ ਕੇ ਉਨ੍ਹਾਂ ਦੇ ਹਮਦਰਦ ਬਣਦੇ ਹਨ ਜਦੋਂ ਕਿ ਠੀਕ ਉਸੇ ਵੇਲੇ ਪੰਜਾਬ ਵਿਚ ਸਫ਼ਾਈ ਸੇਵਕਾਂ ਅਤੇ ਮਨਰੇਗਾ ਕਾਮਿਆਂ ਅਤੇ ਬਿਜਲੀ ਕਾਮਿਆਂ ਤੇ ਡਾਂਗ ਚਲਾਈ ਜਾ ਰਹੀ ਹੈ, ਇਹੀ ਹਾਲ ਭਾਜਪਾ ਲੀਡਰਾਂ ਦਾ ਹੈ ਜ਼ੋ ਪੰਜਾਬ ਵਿਚ ਦਿੱਲੀ ਵਿਚ ਸਰਕਾਰ ਵਲੋਂ ਚੱਲੀ ਡਾਂਗ ਤੇ ਮੂੰਹ ਵਿਚ ਦਹੀਂ ਜਮਾ ਲੈਂਦੇ ਹਨ ਪਰ ਪੰਜਾਬ ’ਚ ਹੋਏ ਅੱਤਿਆਚਾਰ ਤੇ ਦੁਹੱਥੜੀ ਪਿੱਟਦੇ ਦਿਖਾਈ ਦਿੰਦੇ ਹਨ । ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਤਿੱਖੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਮਨਰੇਗਾ ਕਾਮਿਆਂ ’ਤੇ ਭਗਵੰਤ ਮਾਨ ਸਰਕਾਰ ਵਲੋਂ ਬੇਕਿਰਕ ਤੇ ਬੇਰਹਿਮ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ। ਮਜ਼ਦੂਰਾਂ ਨੂੰ ਬੁਨਿਆਦੀ ਅਧਿਕਾਰ ਦੇਣ ਦੀ ਬਜਾਏ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਨੂੰ ਜਥੇਬੰਦੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਇਕ ਵਾਰ ਫਿਰ ਤੋਂ ਲੈਂਡ ਮਾਫੀਆ ਵਾਂਗ ਵਿਹਾਰ ਕਰਦੇ ਹੋਏ ਲੈਂਡ ਪੂਲਿੰਗ ਨੀਤੀ 2026 ਤਹਿਤ ਜ਼ਮੀਨ ਮਾਲਕਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਬਹੁਤ ਸ਼ਰਮਨਾਕ ਅਤੇ ਗੈਰ ਜਿੰਮੇਵਾਰਾਨਾ ਕਦਮ ਹੈ, ਸੋ ਇਸ ਨੀਤੀ ਨੂੰ ਸਦਾ ਲਈ ਕੂੜੇਦਾਨ ਵਿਚ ਸੁੱਟਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ ਵੱਖ-ਵੱਖ ਤਥਾਕਥਿਤ ਵਿਕਾਸ ਅਥਾਰਟੀਆਂ ਕੋਲ 27111 ਰਿਹਾਇਸ਼ੀ ਅਤੇ ਵਪਾਰਕ ਪਲਾਟਾਂ ਵਿਚ ਲਗਭਗ 19280 ਪਲਾਟ ਅਜੇ ਤੱਕ ਅਣਵਿਕੇ ਹਨ, ਸੋ ਅਜਿਹੇ ਵਿਚ ਸ਼ਹਿਰੀ ਘੇਰਾ ਵਧਾਉਣ ਅਤੇ ਵਿਕਾਸ ਦੇ ਨਾਮ ਤੇ ਲੋਕਾਂ ਦੀਆਂ ਬਹੁਫਸਲੀ ਪੈਦਾਵਾਰ ਵਾਲੀਆਂ ਜ਼ਮੀਨਾਂ ਨੂੰ ਕੰਕਰੀਟ ਦੇ ਜੰਗਲ ਵਿਚ ਤਬਦੀਲ ਕਰਨ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਅਸਲ ’ਚ ਇਹ ਜ਼ਮੀਨਾਂ ਵੱਡੇ ਘਰਾਣਿਆਂ ਦੇ ਹੱਥਾਂ ਵਿਚ ਦਿੱਤੀਆਂ ਜਾਣਗੀਆਂ ਜਿਸ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਅਤੇ ਹੋਰ ਕਿਰਤੀ ਕਾਮਿਆਂ ਦੀਆਂ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ, ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਵਿਆਪਕ ਅਤੇ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹਾਜਰ ਆਗੂ ਬਲਦੇਵ ਸਿੰਘ ਬੱਗਾ, ਗੁਰਬਾਜ ਸਿੰਘ ਭੁੱਲਰ, ਸੁਖਦੇਵ ਸਿੰਘ ਕਾਜੀਕੋਟ, ਜਤਿੰਦਰ ਸਿੰਘ ਮਤੇਵਾਲ, ਖਜਾਨ ਸਿੰਘ ਖੇੜੇ, ਨਿਰਮਲ ਸਿੰਘ ਸਿਆਲਕਾ, ਸਰਦੂਲ ਸਿੰਘ ਟਾਹਲੀ ਸਾਹਿਬ, ਲਵਪ੍ਰੀਤ ਸਿੰਘ ਬੱਗਾ, ਗੁਰਭੇਜ ਸਿੰਘ ਝੰਡੇ, ਟੇਕ ਸਿੰਘ ਝੰਡੇ, ਕਾਬਲ ਸਿੰਘ ਵਰਿਆਮ, ਜੰਗ ਸਿੰਘ ਅਲਕੜੇ, ਗੁਰਦੇਵ ਸਿੰਘ ਮੁੱਗੋਸੋਹੀ, ਕਲਬੀਰ ਸਿੰਘ ਅਬਦਾਲ, ਹਰਜੀਤ ਸਿੰਘ ਭੁੱਲਰ, ਤਸਵੀਰ ਸਿੰਘ ਰੂਪੋਵਾਲੀ, ਅਵਤਾਰ ਸਿੰਘ ਜਹਾਂਗੀਰ, ਸਰਬਜੀਤ ਸ਼ਹਿਜਾਦਾ, ਮੁਖਤਾਰ ਸਿੰਘ ਭੰਗਵਾਂ, ਬਾਬਾ ਬੁੱਧ ਸਿੰਘ ਉਦੋਕੇ ਕਲਾਂ, ਕਿਰਪਾਲ ਸਿੰਘ ਕਲੇਰ ਮਾਂਗਟ, ਗੁਰਦੀਪ ਸਿੰਘ ਲਾਟੀ ਹਮਜਾ ਆਦਿ ਆਗੂ ਹਾਜ਼ਰ ਸਨ ।

ਪਿਛਲੀ ਖ਼ਬਰ ਹਰੀਕੇ ਮੁੱਖ ਮਾਰਗ ਚੱਬਾ ਵਿਖੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਮੁੱਖ ਮੰਤਰੀ ਮਾਨ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਰਾਜਾਸਾਂਸੀ ’ਚ ਲੱਗੇ ਥਾਂ-ਥਾਂ ’ਤੇ ਕੂੜੇ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।