ਅੰਮ੍ਰਿਤਸਰ, 23 ਜੂਨ (ਰੇਸ਼ਮ ਸਿੰਘ)-ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਕੰਟਰੋਲਰ ਹਰਵੀਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਜਰਾਤ ਐਨਰਜੀ ਤੇ ਗੁਜਰਾਤ ਗੈਸ ਲਿਮਿਟਡ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਵਿਚ 30,000 ਤੋਂ ਵੱਧ ਖਪਤਕਾਰਾਂ ਨੂੰ ਪਾਈਪ ਕੁਦਰਤੀ ਗੈਸ (ਪੀ.ਐੱਨ.ਜੀ) ਕੁਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਨਿਯਮਤ ਗੈਸ ਸਪਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਤਰਾਂ ਵਿਚ ਪਾਈਪਲਾਈਨ ਦੀ ਸਹੂਲਤ ਉਪਲਬਧ ਹੈ, ਉਥੇ ਰਹਿੰਦੇ ਖਪਤਕਾਰਾਂ ਨੂੰ ਵੱਧ ਤੋਂ ਵੱਧ ਪਾਈਪ ਗੈਸ ਕੁਨੈਕਸ਼ਨ ਲੈਣੇ ਚਾਹੀਦੇ ਹਨ। ਇਹ ਗ਼ੈਸ ਐੱਲ.ਪੀ.ਜੀ. ਦੇ ਮੁਕਾਬਲੇ ਵਧੇਰੇ ਸੁਰੱਖਿਅਤ, ਸਸਤੀ ਅਤੇ ਵਰਤੋਂ ਵਿਚ ਆਸਾਨ ਹੈ। ਇਸ ਤੋਂ ਇਲਾਵਾ ਖਪਤਕਾਰਾਂ ਨੂੰ ਵਰਤੋਂ ਅਨੁਸਾਰ ਭੁਗਤਾਨ ਕਰਨ ਦੀ ਸਹੂਲਤ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਕੁਨੈਕਸ਼ਨ ਪ੍ਰਾਪਤ ਕਰਨ ਲਈ ਖਪਤਕਾਰ ਗਾਹਕ ਸੇਵਾ ਨੰਬਰ 6353531801 ‘ਤੇ ਸੰਪਰਕ ਕਰ ਸਕਦੇ ਹਨ। ਜਿਨ੍ਹਾਂ ਖੇਤਰਾਂ ਵਿਚ ਅਜੇ ਪਾਈਪਲਾਈਨ ਨਹੀਂ ਪਹੁੰਚੀ, ਉਥੋਂ ਦੇ ਖਪਤਕਾਰ ਵੀ ਕੁਨੈਕਸ਼ਨ ਲਈ ਅਰਜ਼ੀਆਂ ਦੇ ਸਕਦੇ ਹਨ। ਪਾਈਪਲਾਈਨ ਵਿਛਾਏ ਜਾਣ ਉਪਰੰਤ ਅਜਿਹੇ ਖਪਤਕਾਰਾਂ ਨੂੰ ਤਰਜੀਹ ਦੇ ਆਧਾਰ ‘ਤੇ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਘਰੇਲੂ ਗੈਸ ਦੀ ਕਾਲਾਬਾਜ਼ਾਰੀ, ਜਮ੍ਹਾਂਖੋਰੀ ਤੇ ਗ਼ੈਰ-ਅਧਿਕਾਰਤ ਵਰਤੋਂ ਨੂੰ ਰੋਕਣ ਲਈ ਲਗਾਤਾਰ ਨਿਗਰਾਨੀ ਅਤੇ ਨਿਰੀਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੋੜ ਅਨੁਸਾਰ ਹੀ ਗੈਸ ਸਿਲੰਡਰ ਖਰੀਦਣ ਅਤੇ ਬੇਲੋੜੀ ਜਮਾਂਖੋਰੀ ਤੋਂ ਗੁਰੇਜ਼ ਕਰਨ।
ਅੰਮ੍ਰਿਤਸਰ ’ਚ 30 ਹਜ਼ਾਰ ਤੋਂ ਵੱਧ ਖਪਤਕਾਰਾਂ ਨੂੰ ਮਿਲੇ ਪੀ.ਐੱਨ. ਜੀ. ਗੈਸ ਕੁਨੇਕਸ਼ਨ-ਡੀ. ਐੱਫ. ਐੱਸ. ਓ.
ਅਜੀਤ ਡੈਸਕ
24-06-2026