ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ ‘ਤੇ 29 ਜੂਨ ਨੂੰ ਮਨਾਈ ਜਾ ਰਹੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੇ ਭਾਰਤੀ ਸਿੱਖ ਜਥੇ ਨੇ ਅੱਜ ਫਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕੀਤੇ, ਜਿੱਥੇ ਪਹੁੰਚਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਲੀਡਰ ਖੁਸ਼ਵਿੰਦਰ ਸਿੰਘ ਭਾਟੀਆ, ਬੀਬੀ ਹਰਜਿੰਦਰ ਕੌਰ, ਜਰਨਲ ਪ੍ਰਬੰਧਕ ਮੀਤ ਸਕੱਤਰ ਅਜ਼ਾਦਦੀਪ ਸਿੰਘ, ਦਿੱਲੀ ਕਮੇਟੀ ਦੇ ਹਰਵਿੰਦਰ ਸਿੰਘ ਬਖ਼ਸ਼ੀ, ਮਨਮੋਹਨ ਸਿੰਘ, ਜਗਤਾਰ ਸਿੰਘ ਆਦਿ ਦਾ ਈ. ਟੀ. ਪੀ. ਬੀ. ਦੇ ਡਿਪਟੀ ਸਕੱਤਰ (ਸ਼ਰਾਈਨਜ਼) ਫ਼ਰਾਜ਼ ਅੱਬਾਸ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਗੁਰਦੁਆਰਾ ਸੱਚਾ ਸੌਦਾ ਵਿਖੇ ਸੰਗਤ ਨੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਫਾਰੂਖਾਬਾਦ ਤੋਂ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਗਾਉਂਦੇ ਭਾਰਤੀ ਸ਼ਰਧਾਲੂ ਵਿਸ਼ੇਸ਼ ਬੱਸਾਂ ਰਾਹੀਂ ਭਾਰੀ ਸੁਰੱਖਿਆ ’ਚ ਜ਼ਿਲ੍ਹਾ ਅਟਕ ਦੇ ਸ਼ਹਿਰ ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਯਾਤਰੂ 24 ਜੂਨ ਨੂੰ ਹਸਨ ਅਬਦਾਲ ਵਿਖੇ ਬਾਬਾ ਵਲੀ ਕੰਧਾਰੀ ਦੇ ਦਰਸ਼ਨਾਂ ਉਪਰੰਤ 25 ਜੂਨ ਨੂੰ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣਗੇ ਅਤੇ ਉੱਥੇ ਇਕ ਰਾਤ ਰੁਕਣ ਦੇ ਬਾਅਦ 27 ਜੂਨ ਨੂੰ ਏਮਨਾਬਾਦ ਕਸਬੇ ਵਿਚਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ ਜਾਣਗੇ। 28 ਜੂਨ ਨੂੰ ਸੰਗਤ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਸਮੇਤ ਉੱਥੋਂ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰੇਗੀ ਅਤੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਡੇਹਰਾ ਸਾਹਿਬ ‘ਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ 30 ਜੂਨ ਨੂੰ ਜਥੇ ਦੀ ਭਾਰਤ ਵਾਪਸੀ ਹੋਵੇਗੀ।
ਜਥੇ ਨੇ ਕੀਤੇ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ
ਅਜੀਤ ਡੈਸਕ
24-06-2026