09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਗੁਰੂ ਨਗਰੀ ਦੇ ਹਵਾਈ ਅੱਡੇ ’ਤੇ ਇਨਲਾਈਨ ਬੈਗੇਜ ਹੈਂਡਲਿੰਗ ਸਿਸਟਮ ਸ਼ੁਰੂ ਹੋਣ ਦਾ ਸਮਾਜ ਸੇਵੀ ਸੰਸਥਾਵਾਂ ਵਲੋਂ ਸਵਾਗਤ

ਅਜੀਤ ਡੈਸਕ 24-06-2026

ਅੰਮ੍ਰਿਤਸਰ, 23 ਜੂਨ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਦੀਆਂ ਸਮਾਜ ਸੇਵੀ ਸੰਸਥਾਵਾਂ ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਨਲਾਈਨ ਹੋਲਡ ਬੈਗੇਜ ਹੈਂਡਲਿੰਗ ਸਿਸਟਮ ਦੇ ਸ਼ੁਰੂ ਹੋਣ ਦਾ ਸਵਾਗਤ ਕਰਦਿਆਂ ਤੇ ਇਸਨੂੰ ਯਾਤਰੀਆਂ ਲਈ ਇਕ ਵੱਡੀ ਸਹੂਲਤ ਕਰਾਰ ਦਿੰਦਿਆਂ ਹਵਾਈ ਅੱਡਾ ਵਿਖੇ ਹੋਰ ਸੁਧਾਰਾਂ ਦੀ ਮੰਗ ਕੀਤੀ ਹੈ। ਜਾਰੀ ਸਾਂਝੇ ਬਿਆਨ ਵਿਚ, ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ (ਇੰਡੀਆ) ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਅਤੇ ਫ਼ਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੁਵਿਧਾ ਨੂੰ ਚਾਲੂ ਕਰਨ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਅੰਮ੍ਰਿਤਸਰ ਏਅਰਪੋਰਟ ਦੇ ਡਾਇਰੈਕਟਰ ਭੂਪੇਂਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਪ੍ਰਣਾਲੀ ਨਾਲ ਯਾਤਰੀਆਂ, ਖਾਸ ਕਰਕੇ ਅੰਤਰਰਾਸ਼ਟਰੀ ਯਾਤਰੀਆਂ, ਬਜ਼ੁਰਗਾਂ ਅਤੇ ਭਾਰੀ ਸਾਮਾਨ ਵਾਲੇ ਪਰਿਵਾਰਾਂ ਲਈ ਚੈੱਕ-ਇਨ ਪ੍ਰਕਿਰਿਆ ਬਹੁਤ ਸੁਖਾਲੀ ਹੋ ਜਾਵੇਗੀ। ਇਸ ਸਿਸਟਮ ਦੇ ਫਾਇਦਿਆਂ ਦਾ ਜ਼ਿਕਰ ਕਰਦਿਆਂ ਸ: ਗੁਮਟਾਲਾ ਨੇ ਕਿਹਾ ਕਿ ਪਹਿਲਾਂ ਯਾਤਰੀਆਂ ਨੂੰ ਚੈੱਕ-ਇਨ ਖੇਤਰ ਨੇੜੇ ਟਰਾਲੀ ਤੋਂ ਆਪਣਾ ਸਾਮਾਨ ਉਤਾਰ ਕੇ ਇਕ ਵੱਖਰੀ ਐਕਸ-ਰੇਅ ਮਸ਼ੀਨ ਰਾਹੀਂ ਕੱਢਣਾ ਪੈਂਦਾ ਸੀ। ਜਾਂਚ ਤੋਂ ਬਾਅਦ, ਯਾਤਰੀਆਂ ਨੂੰ ਦੁਬਾਰਾ ਬੈਗ ਟਰਾਲੀ ‘ਤੇ ਰੱਖ ਕੇ ਏਅਰਲਾਈਨ ਦੇ ਕਾਊਂਟਰ ‘ਤੇ ਲਿਜਾਣੇ ਪੈਂਦੇ ਸਨ, ਜੋ ਕਿ ਇੱਕ ਔਖੀ ਅਤੇ ਸਮਾਂ ਖਰਾਬ ਕਰਨ ਵਾਲੀ ਪ੍ਰਕਿਰਿਆ ਸੀ। ਉਨ੍ਹਾਂ ਕਿਹਾ ਇਸ ਸਿਸਟਮ ਦੇ ਚਾਲੂ ਹੋਣ ਨਾਲ ਹੁਣ ਯਾਤਰੀ ਆਪਣੇ ਸਾਮਾਨ ਸਮੇਤ ਸਿੱਧੇ ਏਅਰਲਾਈਨ ਚੈੱਕ-ਇਨ ਕਾਊਂਟਰ ‘ਤੇ ਲਿਜਾ ਸਕਦੇ ਹਨ। ਏਅਰਲਾਈਨ ਵਲੋਂ ਬੈਗ ਜਮ੍ਹਾਂ ਕਰਨ ਤੋਂ ਬਾਅਦ, ਸਾਮਾਨ ਦੀ ਜਾਂਚ ਅੰਦਰੂਨੀ ਸਿਸਟਮ ਰਾਹੀਂ ਆਟੋਮੈਟਿਕ ਹੋਵੇਗੀ। ਇਸ ਨਾਲ ਸਮੇਂ ਦੀ ਬੱਚਤ ਹੋਵੇਗੀ, ਭੀੜ ਘਟੇਗੀ ਅਤੇ ਸਫ਼ਰ ਦਾ ਤਜ਼ਰਬਾ ਵਧੀਆ ਹੋਵੇਗਾ। ਸ੍ਰੀ ਕਾਮਰਾ ਨੇ ਦੱਸਿਆ ਕਿ ਇਸ ਸਹੂਲਤ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਸਿਸਟਮ ਲਗਾਤਾਰ ਸਹੀ ਢੰਗ ਨਾਲ ਕੰਮ ਕਰੇਗਾ ਅਤੇ ਯਾਤਰੀਆਂ ਲਈ ਸੁਵਿਧਾਜਨਕ ਸਾਬਤ ਹੋਵੇਗਾ। ਦੋਵਾਂ ਸੰਸਥਾਵਾਂ ਨੇ ਮੌਜੂਦਾ ਏਅਰਪੋਰਟ ਡਾਇਰੈਕਟਰ ਦੀ ਅਗਵਾਈ ਹੇਠ ਪਿਛਲੇ ਕੁਝ ਮਹੀਨਿਆਂ ਵਿਚ ਯਾਤਰੀਆਂ ਦੀ ਸਹੂਲਤ ਲਈ ਕੀਤੇ ਗਏ ਹੋਰ ਸੁਧਾਰਾਂ, ਡਿਜੀਯਾਤਰਾ, ਨਵੀਂ ਫਾਸਟ-ਟ੍ਰੈਕ ਇਮੀਗ੍ਰੇਸ਼ਨ ਸਹੂਲਤ, ਉਡਾਨ ਯਾਤਰੀ ਕੈਫੇ, ਫ਼ਲਾਈਬ੍ਰੇਰੀ, ਨਵੇਂ ਖਾਣੇ ਦੇ ਆਊਟਲੈਟਸ, ਵਾਈ-ਫਾਈ ਸੁਵਿਧਾ ਅਤੇ ਏਅਰਪੋਰਟ ਦੀ ਪਹੁੰਚ ਸੜਕ ਦੀ ਸੁੰਦਰਤਾ ਆਦਿ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਅੰਮ੍ਰਿਤਸਰ ਹਵਾਈ ਅੱਡਾ ਦਿੱਲੀ ਤੇ ਹੋਰ ਵੱਡੇ ਹਵਾਈ ਅੱਡਿਆਂ ਦੇ ਮਿਆਰਾਂ ਦੇ ਹੋਰ ਨੇੜੇ ਪਹੁੰਚੇਗਾ। ਸ. ਗੁਮਟਾਲਾ ਤੇ ਕਾਮਰਾ ਨੇ ਇਨ੍ਹਾਂ ਸੁਧਾਰਾਂ ਦੇ ਬਾਵਜੂਦ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਇਸ ਪ੍ਰਮੁੱਖ ਅੰਤਰਰਾਸ਼ਟਰੀ ਏਅਰਪੋਰਟ ‘ਤੇ ਯਾਤਰੀਆਂ ਦੀਆਂ ਵੱਧ ਰਹੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਭੀੜ ਵਾਲੇ ਸਮੇਂ ਦੌਰਾਨ ਵਧੇਰੇ ਸੁਰੱਖਿਆ ਜਾਂਚ ਕਾਊਂਟਰ ਖੋਲ੍ਹਣ, ਟਰਮੀਨਲ ਦੀ ਸਮਰੱਥਾ ਵਧਾਉਣ, ਹੋਰ ਬਿਹਤਰ ਯਾਤਰੀ ਸੇਵਾ, ਪਾਰਕਿੰਗ ਪ੍ਰਬੰਧਾਂ ਵਿਚ ਸੁਧਾਰ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਇਕੱਠੀ ਆਮਦ ਵੇਲੇ ਕਸਟਮ ਪ੍ਰਬੰਧ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਸਟਮ ਵਿਭਾਗ ਨੂੰ ਗ੍ਰੀਨ ਚੈਨਲ ਪ੍ਰਣਾਲੀ ਢੰਗ ਨਾਲ ਲਾਗੂ ਕਰਨ ਦੀ ਅਪੀਲ ਕੀਤੀ, ਤਾਂ ਜੋ ਪਰਿਵਾਰਾਂ ਅਤੇ ਬਜ਼ੁਰਗ ਯਾਤਰੀਆਂ ਨੂੰ ਬੈਲਟ ਤੋਂ ਸਾਮਾਨ ਲੈਣ ਤੋਂ ਤੁਰੰਤ ਬਾਅਦ ਦੁਬਾਰਾ ਐਕਸ-ਰੇਅ ਜਾਂਚ ਲਈ ਲੰਬੀਆਂ ਕਤਾਰਾਂ ਵਿਚ ਖੜ੍ਹਾ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਜਦੋਂ ਦੋ ਜਾਂ ਤਿੰਨ ਅੰਤਰਰਾਸ਼ਟਰੀ ਉਡਾਣਾਂ ਇਕੱਠੀਆਂ ਪਹੁੰਚਦੀਆਂ ਹਨ ਤਾਂ ਹੋਰ ਕਾਊਂਟਰ ਅਤੇ ਸਕੈਨਰ ਚਲਾਏ ਜਾਣੇ ਚਾਹੀਦੇ ਹਨ। ਉਨ੍ਹਾਂ ਏਅਰਪੋਰਟ ਦੇ ਬਾਹਰ ਟ੍ਰੈਫਿਕ ਅਤੇ ਹੋਰ ਸਹੂਲਤਾਂ ਲਈ ਪਿਕ-ਅੱਪ ਅਤੇ ਡ੍ਰੌਪ-ਆਫ ਏਰੀਏ ਵਿਚ ਸੀਸੀਟੀਵੀ ਨਿਗਰਾਨੀ ਹੇਠ ਸਮਰਪਿਤ ਲੇਨਾਂ ਬਣਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਬਜ਼ੁਰਗਾਂ ਅਤੇ ਵ੍ਹੀਲਚੇਅਰ ਵਰਤਣ ਵਾਲੇ ਯਾਤਰੀਆਂ ਲਈ ਆਮਦ ਅਤੇ ਰਵਾਨਗੀ ਗੇਟਾਂ ਦੇ ਨੇੜੇ ਖਾਸ ਸਲੌਟ ਅਤੇ ਇਕ 24 ਘੰਟੇ ਦਾ ਹੈਲਪ ਡੈਸਕ ਬਣਾਉਣ ਤੇ ਡ੍ਰੌਪ ਲੇਨ ਅਤੇ ਪਾਰਕਿੰਗ ਖੇਤਰਾਂ ਵਿਚ ਬੈਗੇਜ ਟਰਾਲੀਆਂ ਹਮੇਸ਼ਾ ਉਪਲਬੱਧ ਕਰਾਉਣ ਅਤੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅਤੇ ਜ਼ਿਲ੍ਹਿਆਂ ਤੋਂ ਅੰਮ੍ਰਿਤਸਰ ਏਅਰਪੋਰਟ ਲਈ ਸਿੱਧੀ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਦੀ ਵੀ ਮੰਗ ਕੀਤੀ।

ਪਿਛਲੀ ਖ਼ਬਰ ਜਥੇ ਨੇ ਕੀਤੇ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਅਗਲੀ ਖ਼ਬਰ ਯੂਥ ਕਾਂਗਰਸ ਚੋਣਾਂ ’ਚ ਜਿੱਤ ਹਾਸਿਲ ਕਰਨ ਵਾਲੇ ਨੌਜਵਾਨ ਆਗੂਆਂ ਦਾ ਕਾਮਿਲ ਅਮਰ ਸਿੰਘ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।