11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਚੌੜੇ ਫੁੱਟਪਾਥਾਂ ਅਤੇ ਖ਼ਸਤਾ ਹਾਲ ਸੜਕਾਂ ਕਾਰਨ ਆਵਾਜਾਈ ਹੋ ਰਹੀ ਪ੍ਰਭਾਵਿਤ

ਇੰਜ. ਪਵਨ ਸ਼ਰਮਾ, ਨਰੇਸ਼ ਜੌਹਰ
ਐਲਬਰਟ ਰੋਡ ਤੋਂ ਮਾਤਾ ਮੰਦਿਰ ਮਾਡਲ ਟਾਊਨ ਵੱਲ ਨੂੰ ਜਾਂਦੀ ਸੜਕ | ਤਸਵੀਰ : ਹਰਜੀਤ ਸਿੰਘ
ਮਾਲ ਰੋਡ ਦੀ ਹਾਲਤ ਬਿਆਨ ਕਰਦੀ ਤਸਵੀਰ | ਤਸਵੀਰ : ਹਰਜੀਤ ਸਿੰਘ
17-05-2026
ਅੰਮਿ੍ਤਸਰ, 16 ਮਈ (ਸੁਰਿੰਦਰ ਕੋਛੜ)-ਸ਼ਹਿਰ ਦੇ ਕਈ ਇਲਾਕਿਆਂ 'ਚ ਸੜਕਾਂ ਦੀ ਉਸਾਰੀ ਨਾਲ ਸੰਬੰਧਿਤ ਵਿਭਾਗਾਂ ਦੀ ਉੱਥੋਂ ਦੇ ਵਸਨੀਕਾਂ ਨਾਲ ਵੱਖਰੀ ਤਰ੍ਹਾਂ ਦੀ 'ਹਮਦਰਦੀ' ਵੇਖਣ ਨੂੰ ਮਿਲ ਰਹੀ ਹੈ | ਇਨ੍ਹਾਂ ਇਲਾਕਿਆਂ 'ਚ ਕੋਠੀਆਂ ਦੇ ਮਾਲਕਾਂ ਨਾਲ ਵਿਸ਼ੇਸ਼ 'ਸਨੇਹ' ਜਿਤਾਉਂਦਿਆਂ ਉਨ੍ਹਾਂ ਦੀ ਰਿਹਾਇਸ਼ ਦੇ ਅੱਗੇ ਫੁੱਟਪਾਥ ਜ਼ਰੂਰਤ ਨਾਲੋਂ ਜ਼ਿਆਦਾ ਹੀ ਵੱਡਾ ਕਰ ਦਿੱਤਾ ਗਿਆ ਹੈ ਤਾਂ ਕਿ ਉਹ ਆਸਾਨੀ ਨਾਲ ਉੱਥੇ ਆਪਣੀਆਂ ਕਾਰਾਂ ਅਤੇ ਹੋਰ ਵਾਹਨ ਖੜ੍ਹੇ ਕਰ ਸਕਣ | ਹਾਲਾਂਕਿ, ਸੰਬੰਧਿਤ ਵਿਭਾਗ ਦੀ ਇਸ ਹਮਦਰਦੀ ਦੇ ਚੱਲਦਿਆਂ ਸੜਕਾਂ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਛੋਟੀਆਂ ਹੋ ਗਈਆਂ ਹਨ, ਜਿਸ ਕਾਰਨ ਇੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਇਸ ਤੋਂ ਇਲਾਵਾ ਸਥਾਨਕ ਮਾਲ ਰੋਡ ਵਿਖੇ ਜਿੱਥੇ ਲੋੜ ਹੈ ਉੱਥੇ ਸੜਕਾਂ ਬਣਾਈਆਂ ਨਹੀਂ ਜਾ ਰਹੀਆਂ ਪਰ ਜਿੱਥੇ ਪਹਿਲਾਂ ਤੋਂ ਸੜਕਾਂ ਠੀਕ ਸਥਿਤੀ ਵਿਚ ਹਨ, ਉੱਥੇ ਦੁਬਾਰਾ ਬਣਾਈਆਂ ਜਾ ਰਹੀਆਂ ਹਨ, ਜੋ ਕਿ ਬੇਹੱਦ ਹਾਸੋਹੀਣਾ ਹੈ | ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ ਨੇ ਕਿਹਾ ਕਿ ਇਸ ਘਟੀਆ ਕਾਰਗੁਜ਼ਾਰੀ ਨਾਲ ਜਿੱਥੇ ਸੜਕਾਂ ਦੇ ਲੈਵਲ ਖ਼ਰਾਬ ਅਤੇ ਫੁੱਟਪਾਥ ਨੀਵੇਂ ਹੋ ਰਹੇ ਹਨ, ਉੱਥੇ ਪੈਸੇ ਦੀ ਬਰਬਾਦੀ ਵੀ ਕੀਤੀ ਜਾ ਰਹੀ ਹੈ | ਬਿਨਾਂ ਲੋੜ ਦੇ ਘਟੀਆ ਮੈਟੀਰੀਅਲ ਵਰਤ ਕੇ ਬਣਾਈਆਂ ਜਾ ਰਹੀਆਂ ਸੜਕਾਂ ਨਾਲ ਪ੍ਰਸ਼ਾਸਨ ਦੀ ਨਾਲਾਇਕੀ ਉਜਾਗਰ ਹੋਈ ਹੈ, ਜੋ ਕਿ ਸ਼ਰਮਨਾਕ ਹੈ | ਇੰਜ. ਪਵਨ ਸ਼ਰਮਾ ਨੇ ਸ਼ਹਿਰ ਦੀਆਂ ਚੰਗੀ ਹਾਲਤ 'ਚ ਮੌਜੂਦ ਸੜਕਾਂ ਦੀ ਮੁੜ ਉਸਾਰੀ 'ਤੇ ਸਵਾਲ ਉਠਾਇਆ ਅਤੇ ਦੋਸ਼ ਲਗਾਇਆ ਕਿ ਸ਼ਹਿਰ ਦੇ ਜਿਨ੍ਹਾਂ ਖੇਤਰਾਂ 'ਚ ਤੁਰੰਤ ਸੜਕ ਮੁਰੰਮਤ ਦੀ ਲੋੜ ਹੈ, ਉਨ੍ਹਾਂ ਸੜਕਾਂ ਦੇ ਪੁਨਰ ਨਿਰਮਾਣ 'ਤੇ ਸਰੋਤ ਖ਼ਰਚ ਨਹੀਂ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਅਜਿਹੇ ਕੰਮ ਨਾ ਸਿਰਫ਼ ਬੇਲੋੜੇ ਹਨ, ਸਗੋਂ ਮਾੜੇ ਅਮਲ, ਫੁੱਟਪਾਥਾਂ ਦੇ ਪੱਧਰ ਨੂੰ ਘਟਾਉਣ ਅਤੇ ਜਨਤਕ ਫ਼ੰਡਾਂ ਦੀ ਬਰਬਾਦੀ ਦਾ ਕਾਰਨ ਵੀ ਬਣਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਮਾਲ ਰੋਡ, ਐਮੀਨੈਂਸ ਮਾਲ ਰੋਡ, ਕਸਟਮ ਚੌਕ ਆਦਿ ਵਿਖੇ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਸੜਕ ਅਧੂਰੀ ਹੈ | ਜਿਸ ਨਾਲ ਸੜਕ ਸੁਰੱਖਿਆ ਨੂੰ ਖ਼ਤਰਾ ਪੈ ਦਾ ਹੋ ਰਿਹਾ ਹੈ | ਅਜਿਹੀਆਂ ਸੜਕਾਂ ਨਾਲ ਵਾਹਨ ਅਸੰਤੁਲਿਤ ਹੁੰਦੇ ਹਨ ਅਤੇ ਦੁਰਘਟਨਾਵਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਰਾਣੀ ਕਾ ਬਾਗ ਵਿਖੇ ਰਹਿੰਦੇ ਆਰ. ਟੀ. ਆਈ. ਕਾਰਕੁਨ ਨਰੇਸ਼ ਜੌਹਰ ਨੇ ਕਿਹਾ ਕਿ ਸ਼ਹਿਰ ਦੀ ਐਲਬਰਟ ਰੋਡ ਤੋਂ ਮਾਤਾ ਮੰਦਿਰ ਮਾਡਲ ਟਾਊਨ ਵੱਲ ਨੂੰ ਜਾਂਦੀ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਸਥਾਨਕ ਲੋਕ ਅਤੇ ਸੈਲਾਨੀ ਲੰਘਦੇ ਹਨ | ਇਸ ਸੜਕ 'ਤੇ ਇੰਟਰਲਾਕਿੰਗ ਮਹਿੰਗੀਆਂ ਟਾਈਲਾਂ ਨਾਲ ਬਣਿਆ ਫੁੱਟਪਾਥ ਸੜਕ ਨਾਲੋਂ ਕੀਤੇ ਚੌੜਾ ਹੈ | ਉਨ੍ਹਾਂ ਨੇ ਕਿਹਾ ਕਿ ਇਹ ਫੁੱਟਪਾਥ ਪੈਦਲ ਚੱਲਣ ਵਾਲਿਆਂ ਲਈ ਕਿਸੇ ਕੰਮ ਦਾ ਨਹੀਂ ਹੈ, ਕਿਉਂਕਿ ਇਹ ਫੁੱਟਪਾਥ ਜਗ੍ਹਾ-ਜਗ੍ਹਾ ਤੋਂ ਉੱਚਾ-ਨੀਵਾਂ ਅਤੇ ਟੁੱਟਿਆ ਹੋਇਆ ਹੈ | ਇਸ ਤੋਂ ਇਲਾਵਾ ਇਸ ਦੇ ਉੱਪਰ ਕੋਠੀਆਂ ਵਾਲਿਆਂ ਨੇ ਆਪਣੇ ਮੁੱਖ ਪ੍ਰਵੇਸ਼ ਦੁਆਰ ਦੇ ਅੱਗੇ ਜ਼ਮੀਨੀ ਪੱਧਰ ਤੋਂ ਤਕਰੀਬਨ 4 ਫੁੱਟ ਉੱਚੇ ਅਤੇ ਵੱਡੇ-ਵੱਡੇ ਥੜ੍ਹੇ ਬਣਾਏ ਹੋਏ ਹਨ | ਇਸ ਲਈ ਆਵਾਜਾਈ ਦੇ ਸੁਚਾਰੂ ਪ੍ਰਵਾਹ 'ਚ ਰੁਕਾਵਟ ਪੈਦਾ ਹੋ ਰਹੀ ਹੈ | ਉਕਤ ਤੋਂ ਇਲਾਵਾ ਸ਼ਹਿਰ ਦੀ ਸਭ ਤੋਂ ਭੀੜ-ਭਾੜ ਵਾਲੀ ਬਣ ਚੁੱਕੀ ਕਸ਼ਮੀਰ ਐਵੀਨਿਊ ਦੇ ਗੋਪਾਲ ਮੰਦਰ ਤੋਂ ਹਰੀ ਮੰਦਰ ਨੂੰ ਜਾਂਦੀ ਸੜਕ ਵੀ ਇੰਟਰਲਾਕਿੰਗ ਟਾਈਲਾਂ ਨਾਲ ਬਣਾਏ ਫੁੱਟਪਾਥਾਂ ਕਾਰਨ ਪੂਰੀ ਤਰ੍ਹਾਂ ਸੁੰਗੜ ਚੁਕੀ ਹੈ | ਅਸਲੋਂ ਹੀ ਛੋਟੀ ਹੋ ਚੁਕੀ ਇਸ ਸੜਕ 'ਤੇ ਹਲਵਾਈਆਂ, ਕਬਾੜੀ ਵਾਲਿਆਂ, ਸਕੂਟਰ-ਮੋਟਰਸਾਈਕਲ ਰਿਪੇਅਰ ਅਤੇ ਢਾਬਿਆਂ ਵਾਲਿਆਂ ਦੇ ਨਾਜਾਇਜ਼ ਕਬਜ਼ਿਆਂ ਕਾਰਨ ਵਾਹਨ ਚਾਲਕਾਂ ਦਾ ਤਾਂ ਦੂਰ ਪੈਦਲ ਚੱਲਣ ਵਾਲਿਆਂ ਦਾ ਵੀ ਨਿਕਲਣਾ ਮੁਹਾਲ ਹੋ ਗਿਆ ਹੈ | ਇਸ ਸੜਕ ਦੇ ਤੰਗ ਹੋਣ ਕਾਰਨ ਅਤੇ ਇੱਥੇ ਮੌਜੂਦ ਕਬਜ਼ਿਆਂ ਕਾਰਨ ਲਗਭਗ ਸਾਰਾ ਦਿਨ ਜਾਮ ਲੱਗਾ ਰਹਿੰਦਾ ਹੈ |

ਪਿਛਲੀ ਖ਼ਬਰ ਕਾਰਜ ਸਾਧਕ ਅਫ਼ਸਰ ਰਣਬੀਰ ਸਿੰਘ ਵੜੈਚ ਦੀ ਚੋਣ ਕਮਿਸ਼ਨ ਵਲੋਂ ਹੋਈ ਬਦਲੀ
ਅਗਲੀ ਖ਼ਬਰ ਸ੍ਰੀਮਦ ਭਗਵਤ ਕਥਾ ਸਮਾਪਤੀ ਮੌਕੇ ਹਵਨ ਯੱਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।