ਅੰਮਿ੍ਤਸਰ, 31 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਰੇਲਗੱਡੀ ਨੰਬਰ 22488 (ਅੰਮਿ੍ਤਸਰ-ਦਿੱਲੀ) ਵੰਦੇ ਭਾਰਤ ਐਕਸਪ੍ਰੈਸ ਦੇ ਕੋਚ ਸੀ-12 'ਚ ਸੀਟ ਨੰਬਰ 30 'ਤੇ ਟਿਕਟ ਚੈਕਿੰਗ ਸਟਾਫ਼ ਮੈਂਬਰ ਸ੍ਰੀਮਤੀ ਸ਼ਸ਼ੀ ਬਾਲਾ ਨੂੰ ਇਕ ਆਈਫੋਨ ਮਿਲਿਆ | ਉਨ੍ਹਾਂ ਆਪਣੇ ਹੈਂਡਹੈਲਡ ਟਰਮੀਨਲ ਦੀ ਵਰਤੋਂ ਕਰਕੇ ਅੰਮਿ੍ਤਸਰ ਤੋਂ ਲੁਧਿਆਣਾ ਜਾਣ ਵਾਲੇ ਯਾਤਰੀਆਂ ਦੇ 30 ਅਤੇ 34 ਸੀਟਾਂ ਦੇ ਵਿਚਕਾਰ ਮੋਬਾਈਲ ਨੰਬਰਾਂ 'ਤੇ ਸੰਪਰਕ ਕਰਕੇ ਸੰਬੰਧਿਤ ਯਾਤਰੀ ਦੀ ਭਾਲ ਕੀਤੀ ਅਤੇ ਵਾਪਸੀ ਰੇਲਗੱਡੀ ਨੰਬਰ 22487 (ਦਿੱਲੀ-ਅੰਮਿ੍ਤਸਰ) ਵੰਦੇ ਭਾਰਤ ਐਕਸਪ੍ਰੈਸ 'ਤੇ ਯਾਤਰੀ ਨੂੰ ਸੁਰੱਖਿਅਤ ਆਈਫੋਨ ਵਾਪਸ ਕਰ ਦਿੱਤਾ ਗਿਆ | ਯਾਤਰੀ ਆਈਫੋਨ ਪ੍ਰਾਪਤ ਕਰਕੇ ਖੁਸ਼ ਹੋਇਆ ਅਤੇ ਇਸ ਸ਼ਾਨਦਾਰ ਸੇਵਾ ਲਈ ਰੇਲਵੇ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਇਸ ਸ਼ਲਾਘਾਯੋਗ ਕਾਰਜ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਰੇਲਵੇ ਕਰਮਚਾਰੀਆਂ ਦੇ ਆਪਣੇ ਯਾਤਰੀਆਂ ਪ੍ਰਤੀ ਸਮਰਪਣ, ਇਮਾਨਦਾਰੀ ਅਤੇ ਵਚਨਬੱਧਤਾ ਦਾ ਇਕ ਉਦਾਹਰਣ ਹੈ | ਉਨ੍ਹਾਂ ਕਿਹਾ ਕਿ ਸ੍ਰੀਮਤੀ ਸ਼ਸ਼ੀ ਬਾਲਾ ਨੂੰ ਇਸ ਕਾਰਜ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ |