ਅੰਮਿ੍ਤਸਰ, 26 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਨਿਗਮ ਦੇ ਅਸਟੇਟ ਵਿ ਭਾਗ ਵਲੋਂ ਸਥਾਨਕ ਲਾਰੈਂਸ ਰੋਡ ਵਿਖੇ ਨਾਵਲਟੀ ਚੌਕ ਵਿਖੇ ਸ਼ਾਪਿੰਗ ਕੰਪਲੈਕਸ 'ਚ ਪਨੀਰ ਅਤੇ ਚਾਹ ਦੀ ਇਕ ਮਸ਼ਹੂਰ ਦੁਕਾਨ ਵਾਲੇ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਇਆ ਗਿਆ | ਸਕੱਤਰ ਸੁਸ਼ਾਂਤ ਭਾਟੀਆ ਦੀ ਅਗਵਾਈ ਹੇਠ ਅਸਟੇਟ ਵਿਭਾਗ ਦੀ ਟੀਮ ਵਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ | ਜਿਸ ਦੀ ਜਾਣਕਾਰੀ ਦਿੰਦੇ ਸ੍ਰੀ ਭਾਟੀਆ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਕੋਲ ਉਕਤ ਦੁਕਾਨ ਦੇ ਮਾਲਕਾਂ ਵਲੋਂ ਸਰਕਾਰੀ ਜਗ੍ਹਾ 'ਤੇ ਤਰਪਾਲ ਲਗਾ ਕੇ ਅਤੇ ਕੁਰਸੀਆਂ ਰੱਖ ਕੇ ਕੀਤੇ ਗਏ ਨਾਜਾਇਜ਼ ਕਬਜ਼ੇ ਸੰਬੰਧੀ ਸ਼ਿਕਾਇਤਾਂ ਆ ਰਹੀਆਂ ਸਨ | ਤਰਪਾਲਾਂ ਦੇ ਕਾਰਨ ਉਕਤ ਮਾਰਕੀਟ ਦੀ ਦਿੱਖ ਵੀ ਖਰਾਬ ਹੋ ਰਹੀ ਸੀ, ਜਿਸ 'ਤੇ ਕਮਿਸ਼ਨਰ ਨਗਰ ਨਿਗਮ ਵਲੋਂ ਉਕਤ ਤਰਪਾਲਾਂ ਹਟਾਉਣ ਦੀਆਂ ਹਦਾਇਤਾਂ ਕੀਤੀਆਂ ਸਨ ਪਰ ਉਸ ਦੇ ਬਾਵਜੂਦ ਦੁਕਾਨਦਾਰ ਵਲੋਂ ਇਹ ਤਰਪਾਲਾਂ ਲਗਾਈਆਂ ਹੋਈਆਂ ਸਨ ਅਤੇ ਸਰਕਾਰੀ ਜਗ੍ਹਾ 'ਤੇ ਕੁਰਸੀਆਂ ਲਗਾਈਆਂ ਹੋਈਆਂ ਸਨ, ਜਿਸ ਕਾਰਨ ਕੰਪਲੈਕਸ ਵਿਚ ਆਉਣ ਵਾਲੇ ਲੋਕਾਂ ਦਾ ਪੈਦਲ ਲਾਂਘਾ ਪ੍ਰਭਾਵਿਤ ਹੁੰਦਾ ਸੀ | ਅੱਜ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਛੁੱਟੀ ਵਾਲੇ ਦਿਨ ਕਾਰਵਾਈ ਕਰਦੇ ਹੋਏ ਅਸਟੇਟ ਵਿਭਾਗ ਦੀ ਟੀਮ ਜਿਸ ਵਿਚ ਇੰਸਪੈਕਟਰ ਪ੍ਰੀਤੀ ਚੌਹਾਨ, ਇੰਸਪੈਕਟਰ ਅਮਰ ਸ਼ਰਮਾ ਅਤੇ ਨਿਗਮ ਦੀ ਪੁਲਿਸ ਪਾਰਟੀ ਵੀ ਮੌਜੂਦ ਸੀ ਨੇ ਉਕਤ ਤਰਪਾਲਾਂ ਉਖੜਵਾਈਆਂ ਗਈਆਂ ਅਤੇ ਸਰਕਾਰੀ ਜਗ੍ਹਾ 'ਤੇ ਦੁਕਾਨਦਾਰ ਵਲੋਂ ਰੱਖੀਆਂ ਗਈਆਂ ਕੁਰਸੀਆਂ ਨੂੰ ਹਟਾਇਆ ਗਿਆ | ਸ਼ੁਸ਼ਾਂਤ ਭਾਟੀਆ ਨੇ ਦੱਸਿਆ ਕਿ ਉਕਤ ਦੁਕਾਨਦਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਪਰ ਜੇਕਰ ਫਿਰ ਵੀ ਉਸ ਵਲੋਂ ਸਰਕਾਰੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਨ ਦਾ ਯਤਨ ਕੀਤਾ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |