ਸੁਲਤਾਨਵਿੰਡ, 26 ਮਾਰਚ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਕਾਸ ਅਤੇ ਸਫਾਈ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਨਿਊ ਅੰਮਿ੍ਤਸਰ ਦੇ 'ਭਾਈ ਗੁਰਦਾਸ ਜੀ ਨਗਰ' ਵਿਚ ਨਿਕਲਦੀ ਦਿਖਾਈ ਦੇ ਰਹੀ ਹੈ | ਇੱਥੋਂ ਦੇ ਏ ਅਤੇ ਬੀ ਬਲਾਕ ਵਿਚ ਸਥਿਤ ਜਨਤਕ ਪਾਰਕਾਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਇਹ ਸੈਰਗਾਹਾਂ ਦੀ ਬਜਾਏ ਹੁਣ ਕੂੜੇ ਦੇ ਡੰਪ ਅਤੇ ਜੰਗਲੀ ਘਾਹ ਦੇ ਮੈਦਾਨ ਨਜ਼ਰ ਆ ਰਹੀਆਂ ਹਨ | ਇਲਾਕਾ ਵਾਸੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਪਾਰਕਾਂ ਵਿਚ ਕਈ ਫੁੱਟ ਉੱਚਾ ਘਾਹ-ਫੂਸ ਉੱਗ ਚੁੱਕਾ ਹੈ, ਜਿਸ ਕਾਰਨ ਉੱਥੇ ਜ਼ਹਿਰੀਲੇ ਜੀਵ-ਜੰਤੂਆਂ ਅਤੇ ਸੱਪਾਂ ਦਾ ਡਰ ਬਣਿਆ ਰਹਿੰਦਾ ਹੈ | ਇਸ ਖ਼ਤਰੇ ਕਾਰਨ ਲੋਕਾਂ ਨੇ ਪਾਰਕਾਂ ਵਿਚ ਜਾਣਾ ਲਗਭਗ ਬੰਦ ਕਰ ਦਿੱਤਾ ਹੈ | ਬੱਚਿਆਂ ਦੇ ਖੇਡਣ ਲਈ ਲਗਾਏ ਗਏ ਭੰਘੂੜੇ ਅਤੇ ਕਸਰਤ ਵਾਲੀਆਂ ਮਸ਼ੀਨਾਂ ਰੱਖ-ਰਖਾਅ ਦੀ ਘਾਟ ਕਾਰਨ ਜੰਗਾਲ ਦੀ ਭੇਟ ਚੜ੍ਹ ਚੁੱਕੀਆਂ ਹਨ | ਪਾਰਕਾਂ ਵਿਚ ਖਿਲਰਿਆ ਕੂੜਾ ਅਤੇ ਗੰਦਗੀ ਆਉਣ ਵਾਲੇ ਬਰਸਾਤੀ ਮੌਸਮ 'ਚ ਭਿਆਨਕ ਬਿਮਾਰੀਆਂ (ਜਿਵੇਂ ਡੇਂਗੂ ਅਤੇ ਮਲੇਰੀਆ) ਨੂੰ ਸੱਦਾ ਦੇ ਰਹੇ ਹਨ |
ਸਰਕਾਰ ਅਤੇ ਨਗਰ ਸੁਧਾਰ ਟਰੱਸਟ ਦੀ ਚੁੱਪ 'ਤੇ ਸਵਾਲ :
ਸਥਾਨਕ ਲੋਕਾਂ ਅਨੁਸਾਰ, ਨਗਰ ਸੁਧਾਰ ਟਰੱਸਟ ਇਸ ਗੰਭੀਰ ਮਸਲੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ | ਇਲਾਕਾ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਵੇਲੇ ਵਿਕਾਸ ਅਤੇ ਸਵੱਛਤਾ ਦੇ ਜੋ ਵਾਅਦੇ ਕੀਤੇ ਸਨ, ਜ਼ਮੀਨੀ ਪੱਧਰ 'ਤੇ ਉਹ 'ਨਿਊ ਅੰਮਿ੍ਤਸਰ ਦੇ ਭਾਈ ਗੁਰਦਾਸ ਜੀ ਨਗਰ ਵਿਚ ਫੇਲ੍ਹ ਸਾਬਤ ਹੋ ਰਹੇ ਹਨ | 'ਪ੍ਰਸ਼ਾਸਨ ਦੀ ਇਸ ਅਣਗਹਿਲੀ ਕਾਰਨ ਬਜ਼ੁਰਗਾਂ ਦੀ ਸੈਰ ਅਤੇ ਬੱਚਿਆਂ ਦਾ ਖੇਡਣਾ ਤਾਂ ਦੂਰ ਦੀ ਗੱਲ ਹੋ ਗਈ ਹੈ | ਜੇਕਰ ਜਲਦੀ ਸਫਾਈ ਨਾ ਕਰਵਾਈ ਗਈ ਤਾਂ ਇਹ ਪਾਰਕ ਕਿਸੇ ਵੱਡੇ ਹਾਦਸੇ ਜਾਂ ਬਿਮਾਰੀ ਦਾ ਕਾਰਨ ਬਣ ਸਕਦੇ ਹਨ |' ਨਿਊ ਅੰਮਿ੍ਤਸਰ ਭਾਈ ਗੁਰਦਾਸ ਜੀ ਨਗਰ ਦੇ ਵਸਨੀਕਾਂ ਨੇ ਨਗਰ ਸੁਧਾਰ ਟਰੱਸਟ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਾਰਕਾਂ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਜੰਗਾਲੇ ਹੋਏ ਝੂਲਿਆਂ ਅਤੇ ਜਿੰਮ ਮਸ਼ੀਨਾਂ ਦੀ ਮੁਰੰਮਤ ਕੀਤੀ ਜਾਵੇ | ਇਲਾਕੇ ਵਿਚ ਸਫਾਈ ਵਿਵਸਥਾ ਨੂੰ ਪੱਕੇ ਤੌਰ 'ਤੇ ਸੁਚਾਰੂ ਬਣਾਇਆ ਜਾਵੇ |
ਨਿਊ ਅੰਮਿ੍ਤਸਰ 'ਚ ਪ੍ਰਸ਼ਾਸਨਿਕ ਅਣਗਹਿਲੀ ਦੀ ਮਾਰ ਹੇਠ 7 ਏਕੜ ਪਾਰਕ ਗੰਦਗੀ, ਜੰਗਾਲੇ ਪੰਘੂੜੇ ਅਤੇ ਖਰਾਬ ਝੂਲੇ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ
ਅਜੀਤ ਡੈਸਕ
27-03-2026