ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਨੇੜੇ ਪਿੰਡ ਸੈਂਸਰਾਂ ਦੇ ਨਵ-ਨਿਰਮਾਣ ਖੇਡ ਸਟੇਡੀਅਮ ਕੋਲ ਖ਼ੂਨੀ ਚੌਂਕ ਨੇੜੇ ਅੱਜ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਏ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ, ਮਿ੍ਤਕ ਨੌਜਵਾਨ ਦੀ ਪਹਿਚਾਣ ਲਵਜੀਤ ਸਿੰਘ ਸਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਤੇੜਾ ਕਲਾਂ ਵਜੋਂ ਹੋਈ | ਸਿਵਲ ਹਸਪਤਾਲ ਅਜਨਾਲਾ ਪਹੁੰਚੇ ਮਿ੍ਤਕ ਲਵਜੀਤ ਸਿੰਘ ਦੇ ਪਰਿਵਾਰਕ ਮੈਂਬਰ ਸੁੱਚਾ ਸਿੰਘ ਨੇ ਦੱਸਿਆ ਕਿ ਸਾਡਾ ਹੋਣਹਾਰ, ਮਿਹਨਤੀ ਤੇ ਗੁਰਸਿੱਖ ਬੱਚਾ ਸ੍ਰੀ ਦਰਬਾਰ ਸਾਹਿਬ ਤੋਂ ਸੇਵਾ ਕਰਕੇ ਵਾਪਸ ਪਰਤ ਰਿਹਾ ਸੀ ਜਦ ਉਹ ਸੈਂਸਰਾਂ ਨਜ਼ਦੀਕ ਪੁੱਜਾ ਤਾਂ ਗੁਰੂ ਕਾ ਬਾਗ ਵਾਲੀ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਵਲੋਂ ਲਵਜੀਤ ਸਿੰਘ ਨੂੰ ਬਹੁਤ ਜੋਰ ਦੀ ਟੱਕਰ ਮਾਰੀ ਅਤੇ ਕਰੀਬ 2 ਕਿੱਲੇ ਕਣਕ ਦੇ ਖੇਤਾਂ 'ਚ ਧੂਹ ਕੇ ਲੈ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ ਤੇ ਕਾਰ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕਾਰ ਚਾਲਕ ਜੋ ਕਿ ਛੋਟੀ ਉਮਰ ਦਾ ਨੌਜਵਾਨ ਸੀ, ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਝੰਡੇਰ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਸੈਂਸਰਾਂ ਨਜ਼ਦੀਕ ਹੋਏ ਸੜਕ ਹਾਦਸੇ ਸੰਬੰਧੀ ਕਾਰ ਚਾਲਕ ਲਵਪ੍ਰੀਤ ਸਿੰਘ ਪੁੱਤਰ ਰਜਮੇਲ ਸਿੰਘ ਵਾਸੀ ਪਿੰਡ ਸੈਂਸਰਾ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਲਵਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਰੱਖਿਆ ਗਿਆ ਹੈ ਜਿੱਥੇ ਕੱਲ੍ਹ ਨੂੰ ਪੋਸਟਮਾਰਟਮ ਕੀਤਾ ਜਾਵੇਗਾ | ਇੱਥੇ ਜ਼ਿਕਰਯੋਗ ਹੈ ਕਿ ਇਸੇ ਜਗ੍ਹਾ 'ਤੇ ਕੁਝ ਦਿਨਾਂ ਪਹਿਲਾਂ ਹੀ 2 ਮੋਟਰਸਾਈਕਲਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ 3 ਨੌਜਵਾਨਾਂ ਦੀ ਮੌਤ ਹੋ ਗਈ ਸੀ |