26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸਿੰਗਲ ਯੂਜ਼ ਪਲਾਸਟਿਕ: ਵਿਕਲਪ ਦੀ ਘਾਟ ਕਾਰਨ ਪਾਬੰਦੀ ਬੇਅਸਰ <br/>

ਅਜੀਤ ਡੈਸਕ 26-03-2026
ਅੰਮਿ੍ਤਸਰ, 25 ਮਾਰਚ (ਸੁਰਿੰਦਰ ਕੋਛੜ)-ਸਰਕਾਰ ਵਲੋਂ ਸਿੰਗਲ ਯੂਜ਼ ਪਲਾਸਟਿਕ ਅਤੇ ਪੋਲੀਥੀਨ ਦੀ ਵਰਤੋਂ 'ਤੇ ਲਗਾਈ ਗਈ ਪਾਬੰਦੀ ਸਿਰਫ਼ ਕਾਗ਼ਜ਼ਾਂ 'ਤੇ ਹੀ ਲਾਗੂ ਹੈ | ਇਕ ਪਾਸੇ ਵਾਤਾਵਰਨ ਪ੍ਰੇਮੀਆਂ ਵਲੋਂ ਬੜੇ ਜ਼ੋਰ-ਸ਼ੋਰ ਨਾਲ 'ਪਲਾਸਟਿਕ ਦਾ ਨਿਰਮਾਣ, ਮਾਰ ਰਿਹਾ ਇਨਸਾਨ', 'ਸਾਡਾ ਇਨਕਲਾਬ, ਸਿੰਗਲ ਯੂਜ਼ ਪਲਾਸਟਿਕ ਦੇ ਖ਼ਿਲਾਫ਼' ਆਦਿ ਨਾਅਰੇ ਲਗਾਏ ਜਾ ਰਹੇ ਹਨ, ਦੂਜੇ ਪਾਸੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਜਦੋਂ ਤੱਕ ਕੋਈ ਬਿਹਤਰ ਬਦਲ ਨਹੀਂ ਮਿਲਦਾ, ਉਦੋਂ ਤੱਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਹੁੰਦੀ ਰਹੇਗੀ | ਦੱਸਣਯੋਗ ਹੈ ਕਿ ਪਾਬੰਦੀ ਦੇ ਬਾਵਜੂਦ ਲੋਕ ਘਰੋਂ ਕੱਪੜੇ ਦੇ ਥੈਲੇ ਲੈ ਕੇ ਬਾਜ਼ਾਰ ਨਹੀਂ ਜਾ ਰਹੇ ਅਤੇ ਨਾ ਹੀ ਦੁਕਾਨਦਾਰ ਉਨ੍ਹਾਂ ਨੂੰ ਪਲਾਸਟਿਕ ਦੇ ਥੈਲਿਆਂ 'ਚ ਸਾਮਾਨ ਦੇਣ ਤੋਂ ਗੁਰੇਜ਼ ਕਰ ਰਹੇ ਹਨ | ਇਹੀ ਕਾਰਨ ਹੈ ਕਿ ਪਾਬੰਦੀ ਦਾ ਕੋਈ ਖ਼ਾਸ ਅਸਰ ਨਜ਼ਰ ਨਹੀਂ ਆ ਰਿਹਾ ਹੈ | ਫਲਾਂ, ਸਬਜ਼ੀਆਂ ਤੋਂ ਲੈ ਕੇ ਕਰਿਆਨੇ ਅਤੇ ਹਲਵਾਈਆਂ ਦੀਆਂ ਦੁਕਾਨਾਂ ਤੱਕ ਦਾ ਸਾਮਾਨ ਪਹਿਲਾਂ ਵਾਂਗ ਹੀ ਪਲਾਸਟਿਕ ਦੇ ਥੈਲਿਆਂ 'ਚ ਦਿੱਤਾ ਜਾ ਰਿਹਾ ਹੈ | ਪ੍ਰਸ਼ਾਸਨ ਦੀ ਬੇਰੁਖ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗਲੀ ਦੇ ਦੁਕਾਨਦਾਰਾਂ ਤੋਂ ਲੈ ਕੇ ਪ੍ਰਚੂਨ ਅਤੇ ਥੋਕ ਵਿਕ੍ਰੇਤਾਵਾਂ ਤੱਕ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ | ਦੱਸਣਯੋਗ ਹੈ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਨਿਯਮਾਂ ਤਹਿਤ ਸਿੰਗਲ ਯੂਜ਼ ਪਲਾਸਟਿਕ ਦੀਆਂ ਕੁੱਲ 19 ਵਸਤੂਆਂ 'ਤੇ ਪਾਬੰਦੀ ਲਗਾਈ ਗਈ ਹੈ | ਇਨ੍ਹਾਂ 'ਚ ਥਰਮੋਕੋਲ ਦੀਆਂ ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਟ੍ਰੇਅ, ਮਠਿਆਈ ਦੇ ਡੱਬਿਆਂ 'ਤੇ ਲਪੇਟਣ ਵਾਲੀ ਫ਼ਿਲਮ, ਸੱਦਾ ਪੱਤਰ, ਸਿਗਰਟ ਦੇ ਪੈਕਟਾਂ ਦੀ ਫ਼ਿਲਮ, ਪਲਾਸਟਿਕ ਦੇ ਝੰਡੇ, ਗੁਬਾਰੇ ਅਤੇ ਆਈਸ ਕਰੀਮ ਦੀਆਂ ਡੰਡੀਆਂ, ਕਰੀਮ, ਕੈਂਡੀ ਸਟਿਕਸ ਅਤੇ 100 ਮਾਈਕਰੋਨ ਤੋਂ ਘੱਟ ਵਾਲੇ ਬੈਨਰ ਸ਼ਾਮਿਲ ਹਨ | ਇਸ ਬਾਰੇ 'ਚ 'ਅਜੀਤ' ਨਾਲ ਗੱਲਬਾਤ ਕਰਦਿਆਂ ਕੁਝ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਨੇ ਕਿਹਾ ਕਿ ਲੋਕ ਘਰੋਂ ਕੱਪੜੇ ਵਾਲੇ ਥੈਲੇ ਲੈ ਕੇ ਨਹੀਂ ਆਉਂਦੇ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀ 'ਚ ਪਲਾਸਟਿਕ ਦੇ ਥੈਲੇ 'ਚ ਸਬਜ਼ੀ ਦੇਣੀ ਪੈਂਦੀ ਹੈ | ਹਾਲਾਂਕਿ, ਉਨ੍ਹਾਂ ਵਲੋਂ ਨਾਲ ਹੀ ਗਾਹਕਾਂ ਨੂੰ ਅੱਗੇ ਤੋਂ ਥੈਲਾ ਲੈ ਕੇ ਆਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ | ਇਸ ਦੇ ਇਲਾਵਾ ਕਰਿਆਨੇ ਦੇ ਦੁਕਾਨਦਾਰਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਬਾਰੇ ਜਾਣਕਾਰੀ ਹੈ, ਪਰ ਇਸ ਦਾ ਕੋਈ ਠੋਸ ਬਦਲ ਸਾਹਮਣੇ ਨਹੀਂ ਆਇਆ | ਕੁਝ ਫਲ ਵਿਕ੍ਰੇਤਾਵਾਂ ਨੇ ਦੱਸਿਆ ਕਿ ਜੂਟ ਦਾ ਥੈਲਾ ਬਹੁਤਾ ਮਜ਼ਬੂਤ ਨਹੀਂ ਹੁੰਦਾ ਅਤੇ ਮਹਿੰਗਾ ਵੀ ਹੁੰਦਾ ਹੈ | ਇਸ 'ਚ ਇਕ ਜਾਂ ਦੋ ਕਿੱਲੋ ਫਲ ਰੱਖਣ ਤੋਂ ਬਾਅਦ ਇਹ ਹੇਠਾਂ ਤੋਂ ਫੱਟ ਜਾਂਦਾ ਹੈ, ਪਰ ਸਰਕਾਰ ਵਲੋਂ ਲਗਾਈ ਪਾਬੰਦੀ ਦੇ ਚੱਲਦਿਆਂ ਉਨ੍ਹਾਂ ਨੇ ਸਾਮਾਨ ਦੇਣ ਲਈ ਜੂਟ ਦੇ ਥੈਲੇ ਆਪਣੀ ਦੁਕਾਨ 'ਤੇ ਰੱਖਣੇ ਸ਼ੁਰੂ ਕਰ ਦਿੱਤੇ ਹਨ | ਦੂਜੇ ਪਾਸੇ, ਸਿੰਗਲ ਯੂਜ਼ ਪਲਾਸਟਿਕ (ਐੱਸ. ਯੂ. ਪੀ.) ਅਤੇ ਪੋਲੀਥੀਨ ਦੀ ਵਰਤੋਂ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਸਮਾਜਿਕ ਕਾਰਕੁਨਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਸਾਲ 2016 ਤੋਂ ਸਿੰਗਲ ਯੂਜ਼ ਪਲਾਸਟਿਕ ਅਤੇ ਪੋਲੀਥੀਨ ਦੀ ਵਰਤੋਂ 'ਤੇ ਲਗਾਈ ਗਈ ਪਾਬੰਦੀ ਸਿਰਫ਼ ਕਾਗ਼ਜ਼ਾਂ 'ਤੇ ਹੀ ਲਾਗੂ ਹੈ | ਉਨ੍ਹਾਂ ਕਿਹਾ ਕਿ ਆਮ ਵਿਸ਼ਵਾਸ ਦੇ ਉਲਟ ਪਲਾਸਟਿਕ ਸਿਰਫ਼ ਇਕ ਕੂੜਾ ਜਾਂ ਕੂੜਾ ਪ੍ਰਬੰਧਨ ਮੁੱਦਾ ਨਹੀਂ ਹੈ | ਬਲਕਿ ਇਹ ਸਿਹਤ ਨਾਲ ਜੁੜਿਆ ਇਕ ਗੰਭੀਰ ਮੁੱਦਾ ਹੈ |

ਪਿਛਲੀ ਖ਼ਬਰ ਕਾਂਗਰਸੀ ਕੌਂਸਲਰਾਂ ਦਾ ਵਫਦ ਨਗਰ ਨਿਗਮ ਕਮਿਸ਼ਨਰ ਨੂੰ ਮਿਲਿਆ <br/> ਅਗਲੀ ਖ਼ਬਰ ਪਾਕਿ 'ਚ ਵੱਡਾ ਰੇਲ ਹਾਦਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।