ਅੰਮਿ੍ਤਸਰ, 25 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਹਾਊਸ ਦੀ ਬੈਠਕ ਨਾ ਹੋਣ ਕਰਕੇ ਅਤੇ ਆਪਣੀਆਂ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਦਾ ਵਫ਼ਦ ਕੌਂਸਲਰ ਵਿਕਾਸ ਸੋਨੀ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਮਿਲਿਆ | ਕਰੀਬ ਇਕ ਘੰਟੇ ਤੱਕ ਚਲੀ ਇਸ ਬੈਠਕ 'ਤੇ ਕਾਂਗਰਸੀ ਕੌਂਸਲਰਾਂ ਨੇ ਤਸੱਲੀ ਪ੍ਰਗਟ ਕੀਤਾ | ਇਸ ਬੈਠਕ ਉਪਰੰਤ ਗੱਲਬਾਤ ਕਰਦੇ ਹੋਏ ਵਿਕਾਸ ਸੋਨੀ ਨੇ ਕਿਹਾ ਕਿ ਨਗਰ ਨਿਗਮ 'ਤੇ ਕਾਬਜ ਮੇਅਰ ਵਲੋਂ ਇਕ ਸਾਲ ਤੋਂ ਹਾਊਸ ਦੀ ਬੈਠਕ ਨਹੀਂ ਕਰਵਾਈ ਗਈ | ਪਿਛਲੇ ਸਾਲ 29 ਮਾਰਚ ਨੂੰ ਹਾਊਸ ਦੀ ਬੈਠਕ ਸੱਦੀ ਗਈ ਜਿਸ ਦੌਰਾਨ ਬਜਟ ਪਾਸ ਕੀਤਾ ਗਿਆ ਪਰ ਅਜੇ ਤੱਕ ਮੇਅਰ ਵਲੋਂ ਹਾਊਸ ਦੀ ਬੈਠਕ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਜਿਸ ਕਾਰਨ ਕੌਂਸਲਰਾਂ ਦੀਆਂ ਵਾਰਡਾਂ ਦੇ ਕੰਮ ਨਹੀਂ ਹੋ ਰਹੇ ਅਤੇ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ | ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ 'ਚ ਕਾਂਗਰਸ ਪਾਰਟੀ ਦੇ 42 ਕੌਂਸਲਰ ਜੇਤੂ ਹੋਏ ਸਨ ਜਦੋਂ ਕਿ ਸੱਤਾਧਾਰੀ ਪਾਰਟੀ ਦੇ 24 ਕੌਂਸਲਰ ਬਣੇ ਸਨ | ਉਨ੍ਹਾਂ ਕਿਹਾ ਕਿ ਕਥਿਤ ਤੌਰ 'ਤੇ ਧੋਖੇ ਨਾਲ ਨਗਰ ਨਿਗਮ 'ਚ ਸਤਾਧਾਰੀ ਪਾਰਟੀ ਵਲੋਂ ਮੇਅਰ ਬਣਾਇਆ ਗਿਆ ਸੀ ਜਿਸ ਵਲੋਂ ਇਕ ਸਾਲ ਤੋਂ ਹਾਊਸ ਦੀ ਬੈਠਕ ਨਹੀਂ ਕਰਵਾਈ | ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਆਪਣੇ ਕੌਂਸਲਰਾਂ ਤੋਂ ਇਲਾਵਾ ਕਾਂਗਰਸ ਪਾਰਟੀ ਨਾਲ ਸੱਤਾਧਾਰੀ ਪਾਰਟੀ ਨਾਲ ਸਬੰਧਿਤ 10 ਕੌਂਸਲਰ ਸੰਪਰਕ 'ਚ ਹਨ ਅਤੇ ਉਹ ਨਿਗਮ ਦੇ ਹਾਊਸ ਦੀ ਹੋਣ ਵਾਲੀ ਬੈਠਕ 'ਚ ਬੋਲਣ ਨੂੰ ਤਿਆਰ ਹਨ | ਸੋਨੀ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਨਾਲ ਹੋਈ ਬੈਠਕ ਦੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਹੋਈ ਜਿਸ ਦੇ ਸਾਰਥਕ ਸਿੱਟੇ ਨਿਕਲਣਗੇ | ਉਨ੍ਹਾਂ ਦੱਸਿਆ ਕਿ ਕਮਿਸ਼ਨਰ ਵਲੋਂ ਕਾਂਗਰਸੀ ਕੌਂਸਲਰਾਂ ਦੀ ਗੱਲ ਬੜੇ ਧਿਆਨ ਨਾਲ ਸੁਣਨ ਤੋਂ ਬਾਅਦ ਭਰੋਸਾ ਦਿੱਤਾ ਕਿ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਰੇ ਕੌਂਸਲਰਾਂ ਦੇ ਕੰਮ ਕਰਵਾਏ ਜਾਣਗੇ | ਇਸ ਦੌਰਾਨ ਸ੍ਰੀ ਸੋਨੀ ਨੇ ਐਲਾਨ ਕੀਤਾ ਕਿ ਜੇਕਰ ਮੇਅਰ ਵਲੋਂ ਜਲਦ ਨਿਗਮ ਦੇ ਹਾਊਸ ਦੀ ਬੈਠਕ ਨਾ ਸੱਦੀ ਗਈ ਤਾਂ ਕਾਂਗਰਸੀ ਕੌਂਸਲਰ ਨਿਗਮ ਦਫ਼ਤਰ ਦਾ ਘੇਰਾਓ ਕਰਨ ਲਈ ਮਜ਼ਬੂਰ ਹੋਣਗੇ | ਇਸ ਮੌਕੇ 'ਤੇ ਕੌਂਸਲਰ ਅਸ਼ਵਨੀ ਕਾਲੇ ਸ਼ਾਹ, ਸੰਦੀਪ ਕੁਮਾਰ ਰਿੰਕਾ, ਨਰਿੰਦਰ ਸਿੰਘ ਤੁੰਗ, ਸੰਜੀਵ ਟਾਂਗਰੀ, ਸ਼ਵੀ ਢਿੱਲੋਂ ਜਸਵਿੰਦਰ ਸਿੰਘ ਸ਼ੇਰਗਿੱਲ, ਕੌਮਲ ਸ਼ਾਹ, ਸੁਰਿੰਦਰ ਚੌਧਰੀ ਆਦਿ ਸਮੇਤ ਹੋਰ ਕਾਂਗਰਸੀ ਕੌਂਸਲਰ ਮੌਜੂਦ ਸਨ |