ਫ਼ਾਜ਼ਿਲਕਾ, 31 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਅੰਦਰ ਹਿੰਦੂ ਜਾਗਰਨ ਮੰਚ ਵਲੋਂ ਹਿੰਦੂ ਨਵ-ਵਰ੍ਹੇ ਦੇ ਸਵਾਗਤ ਵਿਚ ਇਕ ਵਿਸ਼ਾਲ ਭਗਵਾ ਧਵਜ ਯਾਤਰਾ ਕੱਢੀ ਗਈ | ਸ਼ਾਸਤਰੀ ਚੌਕ ਤੋਂ ਸ਼ੁਰੂ ਹੋਈ ਇਹ ਯਾਤਰਾ ਗਊਸ਼ਾਲਾ ਰੋਡ, ਮਹਿਰੀਆਂ ਬਾਜ਼ਾਰ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਘੰਟਾ ਘਰ ਚੌਕ ਵਿਖੇ ਪਹੁੰਚ ਕੇ ਸੰਪੰਨ ਹੋਈ | ਪੂਰਾ ਸ਼ਹਿਰ ਭਗਵੇਂ ਰੰਗ ਵਿਚ ਰੰਗਿਆ ਨਜ਼ਰ ਆਇਆ ਅਤੇ 'ਜੈ ਸ੍ਰੀ ਰਾਮ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਹਿੰਦੂ ਜਾਗਰਨ ਮੰਚ ਦੇ ਆਗੂਆਂ ਨੇ ਦੱਸਿਆ ਕਿ ਭਗਵਾ ਧਵਜ ਸਾਡੀ ਸੰਸਕਿ੍ਤੀ ਅਤੇ ਰਿਸ਼ੀ-ਮੁਨੀਆਂ ਦੇ ਤਿਆਗ ਤੇ ਤਪੱਸਿਆ ਦਾ ਪ੍ਰਤੀਕ ਹੈ | ਮੰਚ ਦੇ ਅਹੁਦੇਦਾਰ ਦਰਪਣ ਸਚਦੇਵਾ ਨੇ ਜਾਣਕਾਰੀ ਦਿੱਤੀ ਕਿ ਇਹ ਫ਼ਾਜ਼ਿਲਕਾ ਵਿਚ ਕੱਢੀ ਗਈ 5ਵੀਂ ਭਗਵਾ ਯਾਤਰਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਵੱਖ-ਵੱਖ ਮੌਕਿਆਂ 'ਤੇ ਭਗਵਾਨ ਰਾਮ, ਕਿ੍ਸ਼ਨ ਅਤੇ ਖਾਟੂ ਸ਼ਿਆਮ ਦੀਆਂ ਯਾਤਰਾਵਾਂ ਕੱਢੀਆਂ ਜਾਂਦੀਆਂ ਹਨ, ਉੱਥੇ ਹੀ ਇਹ ਭਗਵਾ ਯਾਤਰਾ ਪੂਰੇ ਸਨਾਤਨ ਸਮਾਜ ਨੂੰ ਇੱਕ ਧਾਗੇ ਵਿਚ ਪਰੋਣ ਦਾ ਕੰਮ ਕਰਦੀ ਹੈ | ਇਸ ਵਿਚ ਹਿੰਦੂ, ਸਿੱਖ, ਜੈਨ ਅਤੇ ਬੋਧੀ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਸ਼ਮੂਲੀਅਤ ਕੀਤੀ | ਸਮਾਜ ਸੇਵੀ ਕਮਲੇਸ਼ਵਰ ਗੁੰਬਰ ਨੇ ਦੱਸਿਆ ਕਿ ਯਾਤਰਾ ਦੌਰਾਨ ਲੋਕਾਂ ਵਿਚ ਭਾਰੀ ਉਤਸ਼ਾਹ ਸੀ, ਜੋ ਫ਼ਾਜ਼ਿਲਕਾ ਵਿਚ ਮਜ਼ਬੂਤ ਸਨਾਤਨੀ ਵਿਚਾਰਧਾਰਾ ਨੂੰ ਦਰਸਾਉਂਦਾ ਹੈ | ਉਨ੍ਹਾਂ ਉਮੀਦ ਜਤਾਈ ਕਿ ਇਹ ਏਕਤਾ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਿਚ ਅਹਿਮ ਯੋਗਦਾਨ ਪਾਵੇਗੀ | ਯਾਤਰਾ ਦੌਰਾਨ ਵੱਖ-ਵੱਖ ਥਾਵਾਂ 'ਤੇ ਸ਼ਹਿਰ ਵਾਸੀਆਂ ਵਲੋਂ ਯਾਤਰਾ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ |