ਫ਼ਾਜ਼ਿਲਕਾ, 30 ਮਾਰਚ (ਅਮਰਜੀਤ ਸ਼ਰਮਾ)-ਸਿੱਖਿਆ ਵਿਭਾਗ ਅਤੇ ਐੱਸ.ਸੀ.ਈ.ਆਰ.ਟੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਵਿਖੇ ਪਿ੍ੰਸੀਪਲ ਹਰੀ ਚੰਦ ਕੰਬੋਜ ਦੀ ਅਗਵਾਈ ਵਿਚ 'ਮੈਗਾ ਪੀ.ਟੀ.ਐਮ.' ਦਾ ਸਫਲ ਆਯੋਜਨ ਕੀਤਾ ਗਿਆ | ਇਸ ਮੌਕੇ ਜਿੱਥੇ ਸਾਲਾਨਾ ਨਤੀਜਿਆਂ ਦਾ ਐਲਾਨ ਕੀਤਾ ਗਿਆ ਉੱਥੇ ਹੀ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕੈਰੀਅਰ ਗਾਈਡੈਂਸ 'ਤੇ ਵੀ ਚਰਚਾ ਕੀਤੀ ਗਈ | ਸਕੂਲ ਦੇ ਮੀਡੀਆ ਇੰਚਾਰਜ ਲੈਕਚਰਾਰ ਸੰਦੀਪ ਅਨੇਜਾ ਨੇ ਦੱਸਿਆ ਕਿ ਇਸ ਮਿਲਣੀ ਵਿਚ 80 ਫ਼ੀਸਦੀ ਤੋਂ ਵੱਧ ਮਾਪਿਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਸਮਾਗਮ ਵਿਚ 'ਆਪ' ਦੇ ਬਲਾਕ ਸਿੱਖਿਆ ਕੋਆਰਡੀਨੇਟਰ ਸੁਰਿੰਦਰ ਕੰਬੋਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਦਾ ਸਵਾਗਤ ਪਿ੍ੰਸੀਪਲ ਹਰੀ ਚੰਦ ਕੰਬੋਜ ਅਤੇ ਐੱਸ.ਐਮ.ਸੀ.ਪ੍ਰਧਾਨ ਸਰਵਣ ਕੁਮਾਰ ਵਲੋਂ ਕੀਤਾ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਲੋਂ ਸਕੂਲ ਵਿਚ ਸਥਾਪਿਤ ਕੀਤੇ ਗਏ ਨਵੇਂ ਇੰਟਰ ਐਕਟਿਵ ਪੈਨਲਾਂ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਅਜੋਕੇ ਸਮੇਂ ਵਿਚ ਤਕਨੀਕੀ ਸਿੱਖਿਆ ਬਹੁਤ ਜ਼ਰੂਰੀ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ | ਪ੍ਰੀਖਿਆਵਾਂ ਵਿਚ 6ਵੀਂ, 7ਵੀਂ, 9ਵੀਂ ਅਤੇ 11ਵੀਂ ਜਮਾਤ ਵਿਚੋਂ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਸੰਦੀਪ ਅਨੇਜਾ ਅਤੇ ਮੈਡਮ ਸੁਨੀਤਾ ਮੋਂਗਾ ਵਲੋਂ ਨਿਭਾਈ ਗਈ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਲੈਕਚਰਾਰ ਜੋਗਿੰਦਰ ਲਾਲ, ਗੌਰਵ ਕੁਮਾਰ, ਵਿਕਾਸ ਡਾਗਾ, ਧਰਮਿੰਦਰ ਗੁਪਤਾ, ਹਿਤੇਸ਼ ਧਵਨ, ਰਾਜੇਸ਼ ਤਨੇਜਾ, ਰਾਕੇਸ਼ ਜੁਨੇਜਾ, ਵਿਕਾਸ ਛਾਬੜਾ, ਦਵਿੰਦਰ ਸਿੰਘ ਮਾਨ, ਵਿਜੇ ਗੁਪਤਾ, ਅਜੇ ਗੁਪਤਾ, ਵਿਕਰਮ ਸਿੰਘ, ਵਿਨੋਦ ਕੁਮਾਰ ਅਤੇ ਸਮੂਹ ਸਟਾਫ਼ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਅੰਤ ਵਿਚ ਮਾਪਿਆਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ |