ਫ਼ਾਜ਼ਿਲਕਾ, 30 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁਰਾਦ ਵਾਲਾ ਵਿਚ ਜ਼ਹਿਰੀਲੇ ਬੀਜ ਦਾ ਸੇਵਨ ਕਰਨ ਨਾਲ ਇਕ ਦਰਜਨ ਤੋਂ ਵੱਧ ਬੱਚਿਆਂ ਦੀ ਅਚਾਨਕ ਤਬੀਅਤ ਵਿਗੜ ਗਈ | ਪਿੰਡ ਦੇ ਖੇਡ ਮੈਦਾਨ ਵਿਚ ਖੇਡ ਰਹੇ ਬੱਚਿਆਂ ਨੇ ਰੀਸੋ ਰੀਸੀ ਇਸ ਜ਼ਹਿਰੀਲੇ ਬੀਜ ਦਾ ਸੇਵਨ ਕੀਤਾ | ਜਦੋਂ ਬੱਚੇ ਆਪਣੇ-ਆਪਣੇ ਘਰ ਗਏ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ | ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗ ਗਏ | ਜਿਸ ਤੋਂ ਮਾਪੇ ਉਨ੍ਹਾਂ ਨੂੰ ਹਸਪਤਾਲ ਵਿਚ ਲੈ ਕੇ ਪੁੱਜਣਾ ਸ਼ੁਰੂ ਹੋ ਗਏ | ਕੁੱਝ ਬੱਚਿਆਂ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਕੱੁਝ ਨੂੰ ਅਰਨੀਵਾਲਾ ਦੇ ਨਿੱਜੀ ਹਸਪਤਾਲ ਵਿਚ ਅਤੇ ਕੁੱਝ ਨੂੰ ਅਬੋਹਰ ਦੇ ਹਸਪਤਾਲ ਵਿਚ ਲਿਜਾਇਆ ਦੱਸਿਆ ਜਾ ਰਿਹਾ ਹੈ | ਫ਼ਾਜ਼ਿਲਕਾ ਸਿਵਲ ਹਸਪਤਾਲ ਦੇ ਆਈ.ਸੀ.ਯੂ.ਵਾਰਡ ਵਿਚ 7 ਦੇ ਕਰੀਬ ਬੱਚੇ ਭਰਤੀ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਛੁੱਟੀਆਂ ਹੋਣ ਦੇ ਕਾਰਨ ਅੱਜ ਪਿੰਡ ਦੇ ਬੱਚੇ ਖੇਡ ਮੈਦਾਨ ਵਿਚ ਇਕੱਠੇ ਖੇਡ ਰਹੇ ਸਨ | ਇਸ ਦੌਰਾਨ ਵਾਟਰ ਵਰਕਸ ਦੇ ਕੋਲ ਲੱਗੇ ਅਰਿੰਡ ਰੁੱਖ ਜਾ ਰਤਨਜੋਤ ਰੁੱਖ ਦੇ ਬੀਜਾਂ ਦਾ ਬੱਚਿਆਂ ਵਲੋਂ ਸੇਵਨ ਕੀਤਾ ਗਿਆ | ਇਕ ਬੱਚੇ ਨੂੰ ਬੀਜ ਖਾਂਦਾ ਦੇਖ ਰਿਸੋ ਰਿਸੀ ਸਾਰੇ ਬੱਚਿਆਂ ਨੇ ਇਸ ਦਾ ਸੇਵਨ ਕਰ ਲਿਆ | ਦੱਸਿਆ ਜਾ ਰਿਹਾ ਹੈ ਕਿ ਖੇਡ ਮੈਦਾਨ ਵਿਚ 20 ਤੋਂ 25 ਬੱਚੇ ਇਸ ਵੇਲੇ ਮੌਜੂਦ ਸਨ | ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਘਰ ਆਏ ਤਾਂ ਉਨ੍ਹਾਂ ਦੀ ਅਚਾਨਕ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਉਹ ਹਸਪਤਾਲ ਵਿਚ ਆਪਣੇ ਬੱਚਿਆਂ ਨੂੰ ਇਲਾਜ ਲਈ ਲੈ ਕੇ ਆਏ ਹਨ | ਬਲਰਾਮ, ਯਾਦਵਿੰਦਰ, ਨੈਣਾਂ ਆਦਿ ਨੇ ਦੱਸਿਆ ਕਿ 15 ਤੋਂ 20 ਬੱਚਿਆਂ ਵਲੋਂ ਇਸ ਜ਼ਹਿਰੀਲੇ ਬੀਜ ਦਾ ਸੇਵਨ ਕੀਤਾ ਗਿਆ ਹੈ | ਫ਼ਾਜ਼ਿਲਕਾ ਸਿਵਲ ਹਸਪਤਾਲ ਦੇ ਐੱਸ.ਐਮ.ਓ.ਡਾ.ਐਡੀਸਨ ਐਰਿਕ ਨੇ ਦੱਸਿਆ ਕਿ ਖੇਡ ਮੈਦਾਨ ਵਿਚ ਖੇਡਦੇ ਬੱਚਿਆਂ ਨੇ ਕਿਸੇ ਬੂਟੇ ਤੋਂ ਫਲ ਉਤਾਰ ਕੇ ਖਾ ਲਏ | ਜਿਸ ਨਾਲ ਉਨ੍ਹਾਂ ਨੂੰ ਫੂਡ ਪੁਆਈਜਨਿੰਗ ਹੋ ਗਈ | 6 ਬੱਚਿਆਂ ਦੀ ਹਾਲਤ ਠੀਕ ਹੈ | ਜਦ ਕਿ ਇਕ ਬੱਚੇ ਦੀ ਹਾਲਤ ਨੂੰ ਖ਼ਰਾਬ ਦੇਖਦਿਆਂ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਦੇ ਲਈ ਰੈਫ਼ਰ ਕੀਤਾ ਗਿਆ ਹੈ |