ਮੰਡੀ ਘੁਬਾਇਆ, 29 ਮਾਰਚ (ਅਮਨ ਬਵੇਜਾ)-ਦਰਜਨਾਂ ਸਰਹੱਦੀ ਪਿੰਡਾਂ ਨੂੰ ਆਪਸ 'ਚ ਜੋੜਨ ਵਾਲੀ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ਤੋਂ ਪਿੰਡ ਘੁਬਾਇਆ ਨੂੰ ਜਾਣ ਵਾਲੀ ਸੜਕ ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਹਾਲਤ ਵਿਚ ਹੋਣ ਕਾਰਨ ਰਾਹਗੀਰਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ | ਦਰਜਨਾਂ ਪਿੰਡਾਂ ਦੇ ਅਤੇ ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ 'ਤੇ ਪਏ ਡੂੰਘੇ ਖੱਡੇ ਅਤੇ ਧੂੜ-ਮਿੱਟੀ ਕਾਰਨ ਹਰ ਰੋਜ਼ ਸਫ਼ਰ ਕਰਨਾ ਅÏਖਾ ਹੋ ਗਿਆ ਹੈ | ਇਸ ਸੜਕ ਦੇ ਨਾਲ ਲੱਗਦੇ ਦੁਕਾਨਦਾਰ ਵੀ ਕਾਫ਼ੀ ਔਖੇ ਹਨ ਕਿਉਂ ਕਿ ਮੀਂਹ ਦੇ ਦਿਨਾਂ ਵਿਚ ਸੜਕ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ | ਖੱਡਿਆਂ ਵਿਚ ਖੜ੍ਹੇ ਪਾਣੀ ਕਾਰਨ ਪੈਦਲ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਵਿਚ ਪਿਛਲੇ ਕਾਫ਼ੀ ਸਾਲਾਂ ਤੋਂ ਸੁਧਾਰ ਨਹੀਂ ਹੋ ਰਿਹਾ | ਇਸ ਸੜਕ ਰਾਹੀਂ ਦਰਜਨਾਂ ਪਿੰਡਾਂ ਦੇ ਲੋਕ ਰੋਜ਼ਾਨਾ ਮੰਡੀ ਦੇ ਘੁਬਾਇਆ ਦੇ ਬੱਸ ਅੱਡੇ ਅਤੇ ਹੋਰ ਜ਼ਰੂਰੀ ਕੰਮਾਂ ਲਈ ਫ਼ਾਜ਼ਿਲਕਾ, ਫ਼ਿਰੋਜ਼ਪੁਰ ਤੱਕ ਆਵਾਜਾਈ ਕਰਦੇ ਹਨ ਪਰ ਖ਼ਰਾਬ ਸੜਕ ਕਾਰਨ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੜਕ ਤੋਂ ਗੁਜ਼ਰਨ ਵਾਲੇ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਵਿਚ ਵੀ ਸਮੱਸਿਆਵਾਂ ਆ ਰਹੀਆਂ ਹਨ | ਲੋਕਾਂ ਨੇ ਦੱਸਿਆ ਕਿ ਇਸ ਸੜਕ 'ਤੇ ਲੰਮੇ ਸਮੇਂ ਤੋਂ ਪੱਥਰ ਪਿਆ ਹੋਇਆ ਹੈ ਜਿਹੜਾ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਲਈ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ, ਪਰ ਅਜੇ ਤੱਕ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ | ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਸਮੇਂ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਬਾਅਦ ਵਿਚ ਇਹ ਵਾਅਦੇ ਹਵਾ ਵਿਚ ਉੱਡਦੇ ਗ਼ੁਬਾਰਿਆਂ ਵਾਂਗ ਉੱਡ ਜਾਂਦੇ ਹਨ | ਇਸ ਸਬੰਧੀ ਜਦੋਂ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਸ ਸੜਕ ਦਾ ਟੈਂਡਰ ਹੋ ਗਿਆ ਹੈ ਅਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ | ਇਸ ਸਬੰਧੀ ਜਦੋਂ ਪੀ.ਡਬਲਯੂ.ਡੀ. ਦੇ ਐੱਸ.ਡੀ.ਓ. ਸਵਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਅਪ੍ਰੈਲ ਦੇ ਅਗਲੇ ਹਫ਼ਤੇ ਤੱਕ ਸ਼ੁਰੂ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਤੋਂ ਪਹਿਲਾਂ ਸੀਵਰੇਜ ਪਾਈਪਾਂ ਪਾਈਆਂ ਜਾਣੀਆਂ ਸਨ ਜਿਸ ਕਾਰਨ ਇਸ ਕੰਮ ਵਿਚ ਦੇਰੀ ਹੋ ਗਈ |