ਅਬੋਹਰ, 21 ਜਨਵਰੀ (ਵਿਵੇਕ ਹੂੜੀਆ)-ਪੰਜਾਬ ਸਰਕਾਰ ਵੱਲੋਂ ਜਿੱਥੇ ਸ਼ਹਿਰਾਂ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਪਿੰਡਾਂ ਦੇ ਗ਼ਰੀਬ ਵਰਗ ਦੇ ਲੋਕਾਂ, ਜਿਨ੍ਹਾਂ ਕੋਲ ਆਪਣੀ ਛੱਤ ਨਹੀਂ ਹੈ, ਉਨ੍ਹਾਂ ਨੂੰ ਰਿਹਾਇਸ਼ੀ ਸਕੀਮ ਤਹਿਤ ਲੱਖਾਂ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ | ਆਪ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਬੀ.ਡੀ.ਪੀ.ਓ. ਦਫ਼ਤਰ ਖੂਈਆਂ ਸਰਵਰ ਵਿਖੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਰਾਸ਼ੀ ਦੇ ਰਿਲੀਜ਼ ਲੈਟਰ ਵੰਡੇ | ਅਰੁਣ ਨਾਰੰਗ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਇਲਾਕੇ ਦੇ ਕਰੀਬ 1250 ਪਰਿਵਾਰਾਂ ਨੂੰ ਲਾਭ ਦਿੱਤਾ ਜਾਵੇਗਾ, ਜਿਸ ਦੀ ਪਹਿਲੀ ਕਿਸ਼ਤ ਅੱਜ ਜਾਰੀ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਤੀ ਲਾਭਪਾਤਰੀ ਨੂੰ ਮਕਾਨ ਬਣਾਉਣ ਲਈ 1.51 ਲੱਖ ਰੁਪਏ ਜਾਰੀ ਕੀਤੇ ਜਾਣੇ ਹਨ | ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਇੰਚਾਰਜ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਖੂਈਆਂ ਸਰਵਰ 'ਚ 23 ਲਾਭਪਾਤਰੀ, ਪੱਟੀ ਬੀਲਾ 'ਚ 38 ਲਾਭਪਾਤਰੀਆਂ, ਹਰੀਪੁਰਾ 'ਚ 35 ਲਾਭਪਾਤਰੀਆਂ, ਸੱਪਾਂਵਾਲੀ ' 29 ਲਾਭਪਾਤਰੀਆਂ, ਦਾਨੇਵਾਲਾ ਸਤਕੋਸੀ 'ਚ 17 ਲਾਭਪਾਤਰੀਆਂ, ਪੰਜਾਵਾ ਮਾਡਲ 'ਚ 15 ਲਾਭਪਾਤਰੀਆਂ, ਗੁਮਜਾਲ 'ਚ 8 ਲਾਭਪਾਤਰੀਆਂ, ਭੰਗਰ ਖੇੜਾ 'ਚ 5 ਲਾਭਪਾਤਰੀਆਂ ਨੂੰ ਇਹ ਆਵਾਸ ਯੋਜਨਾ ਦੀ ਪਹਿਲੀ ਕਿਸ਼ਤ ਦੀ ਗਰਾਂਟ ਜਾਰੀ ਹੋਈ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਬੀ.ਡੀ.ਪੀ.ਓ. ਗਗਨਦੀਪ ਕੌਰ, ਸੰਗਠਨ ਇੰਚਾਰਜ ਰਣਧੀਰ ਗਾਬਾ, ਖੂਈਆਂ ਸਰਵਰ ਦੇ ਸਰਪੰਚ ਸੁਸ਼ੀਲ ਸਵਾਮੀ ਤੇ ਸੰਦੀਪ ਕੁਮਾਰ, ਭੰਗਰ ਖੇੜਾ ਤੋਂ ਸਰਪੰਚ ਜਗਜੀਤ ਸਿੰਘ ਤੇ ਰਾਕੇਸ਼ ਕੁਮਾਰ, ਸੱਪਾਂਵਾਲੀ ਤੋਂ ਸਰਪੰਚ ਕਾਲੂਰਾਮ, ਗੁਮਜਾਲ ਤੋਂ ਸਰਪੰਚ ਵੇਦ ਪ੍ਰਕਾਸ਼, ਪੱਟੀ ਬੀਲਾ ਤੋਂ ਸਰਪੰਚ ਰਾਜੂ ਸੇਤੀਆ ਤੇ ਸਾਜਨ ਕੁਮਾਰ, ਦਾਨੇਵਾਲਾ ਸਤਕੋਸੀ ਤੋਂ ਸਰਪੰਚ ਕਿੰਗਪਾਲ ਸਮਾਘ ਤੇ ਸੋਹਣ ਸਿੰਘ ਸਮਾਘ, ਅਤੇ ਪੰਜਾਵਾ ਮਾਡਲ ਤੋਂ ਸਰਪੰਚ ਅਮਰ ਚੰਦ ਬਰਾੜ ਤੇ ਰਣਜੀਤ ਸੰਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |