ਅਬੋਹਰ, 21 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਡਾਇਰੈਕਟਰ ਆਯੁਰਵੈਦਾਂ ਪੰਜਾਬ ਡਾ.ਰਮਨ ਖੰਨਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਫ਼ਾਜ਼ਿਲਕਾ ਡਾ.ਰਵੀਕਾਂਤ ਮਦਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਯੁਸ਼ ਕੈਂਪ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਕੰਧਵਾਲਾ ਅਮਰਕੋਟ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸ਼ਕੁੰਤਲਾ ਦੇਵੀ ਸਰਪੰਚ ਪਿੰਡ ਕੰਧਵਾਲਾ ਅਮਰਕੋਟ ਨੇ ਕੀਤਾ | ਕੈਂਪ ਵਿਚ ਸਿਹਤ ਵਿਭਾਗ ਦੀ ਅਨੁਭਵੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਆਯੁਰਵੈਦਿਕ ਡਾ. ਅਮਿੱਤ ਕੁਮਾਰ ਅਤੇ ਡਾ.ਰਾਜੇਸ਼ ਕੁਮਾਰ ਜੌਹਰ ਨੇ 488 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਮੁਫ਼ਤ ਆਯੁਰਵੈਦਿਕ ਦਵਾਈਆਂ ਵੀ ਦਿੱਤੀਆਂ | ਹੋਮਿਉਪੈਥੀ ਡਾ.ਪ੍ਰਦੀਪ ਕੁਮਾਰ ਅਤੇ ਡਾ.ਮੁਕੇਸ਼ ਸਿੰਘ ਨੇ 329 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਹੋਮਿਓਪੈਥਿਕ ਦਵਾਈਆਂ ਵੀ ਦਿੱਤੀਆਂ | ਕੈਂਪ ਇੰਚਾਰਜ ਡਾ.ਅਮਿੱਤ ਕੁਮਾਰ ਨੇ ਅਗਨੀ ਕਰਮ ਅਤੇ ਮਰਮ ਚਿਕਿਤਸਾ ਪ੍ਰਣਾਲੀ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ | ਡਾ.ਰਾਜੇਸ਼ ਕੁਮਾਰ ਜੌਹਰ ਵਲੋਂ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਲਈ ਪਿੰਡ ਵਾਸੀਆਂ ਨੂੰ ਪ੍ਰੇਰਿਤ ਕੀਤਾ ਗਿਆ | ਕੈਂਪ ਨੂੰ ਸਫਲ ਬਣਾਉਣ ਲਈ ਉਪ ਵੈਦ ਰਾਕੇਸ਼ ਕੁਮਾਰ, ਸੁਮਿੱਤਰਾ ਦੇਵੀ, ਡਿਸਪੈਂਸਰ ਗੁਰਮਿੰਦਰ ਸਿੰਘ, ਸਤ ਨਰਾਇਣ, ਮੁਨਸ਼ੀ ਰਾਮ, ਰਛਪਾਲ ਸਿੰਘ, ਯੋਗਾ ਇੰਸਟ੍ਰਕਟਰ ਅੰਕੁਰ ਰਿਣਵਾ, ਆਇਨਾ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਸਮਾਪਤੀ 'ਤੇ ਸਰਪੰਚ ਸ਼੍ਰੀਮਤੀ ਸ਼ਕੁੰਤਲਾ ਦੇਵੀ ਨੇ ਡਾ.ਅਮਿੱਤ ਕੁਮਾਰ, ਡਾ.ਰਾਜੇਸ਼ ਕੁਮਾਰ ਜੌਹਰ, ਉਪਵੇਦ ਰਾਕੇਸ਼ ਕੁਮਾਰ ਅਤੇ ਹੋਮਿਓਪੈਥਿਕ ਟੀਮ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਉਮੀਦ ਪ੍ਰਗਟਾਈ ਕਿ ਅਜਿਹੇ ਕੈਂਪ ਭਵਿੱਖ ਵਿਚ ਵੀ ਲਗਾਏ ਜਾਣਗੇ ਤਾਂ ਜੋ ਆਮ ਜਨਤਾ ਨੂੰ ਲਾਭ ਮਿਲ ਸਕੇ |