ਵਿਧਾਨ ਸਭਾ ਹਲਕਾ ਗੁਰਦਾਸਪੁਰ ’ਚ 2027 ਦੀਆਂ ਚੋਣਾਂ ਦਾ ਰਾਜਨੀਤਿਕ ਸਮੀਕਰਨ ਤੇ ਪਿਛਲੇ ਅੰਕੜਿਆਂ ਦੀ ਸਮੀਖਿਆ
ਗੁਰਦਾਸਪੁਰ, 26 ਸਤੰਬਰ-ਹਲਕਾ ਗੁਰਦਾਸਪੁਰ ਵਿਚ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਤਾਪਮਾਨ ਹੁਣ ਤੋਂ ਹੀ ਚੜ੍ਹਨਾ ਸ਼ੁਰੂ ਹੋ ਗਿਆ ਹੈ। ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਹਲਕੇ ਦੀ ਰਾਜਨੀਤਿਕ ਫਿਜ਼ਾ ਬਿਲਕੁਲ ਵੱਖਰੀ ਤੇ ਚੌਕੋਣੀ ਟੱਕਰ ਵਾਲੀ ਨਜ਼ਰ ਆ ਰਹੀ ਹੈ, ਜਿਸ ’ਚ ਕੋਈ ਵੀ ਸਿਆਸੀ ਧਿਰ ਕਿਸੇ ਨਾਲੋਂ ਘੱਟ ਨਜ਼ਰ ਨਹੀਂ ਆ ਰਹੀ।
ਗੁਰਦਾਸਪੁਰ, 26 ਸਤੰਬਰ-ਹਲਕਾ ਗੁਰਦਾਸਪੁਰ ਵਿਚ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਤਾਪਮਾਨ ਹੁਣ ਤੋਂ ਹੀ ਚੜ੍ਹਨਾ ਸ਼ੁਰੂ ਹੋ ਗਿਆ ਹੈ। ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਹਲਕੇ ਦੀ ਰਾਜਨੀਤਿਕ ਫਿਜ਼ਾ ਬਿਲਕੁਲ ਵੱਖਰੀ ਤੇ ਚੌਕੋਣੀ ਟੱਕਰ ਵਾਲੀ ਨਜ਼ਰ ਆ ਰਹੀ ਹੈ, ਜਿਸ ’ਚ ਕੋਈ ਵੀ ਸਿਆਸੀ ਧਿਰ ਕਿਸੇ ਨਾਲੋਂ ਘੱਟ ਨਜ਼ਰ ਨਹੀਂ ਆ ਰਹੀ। ਗੁਰਦਾਸਪੁਰ ਦੀਆਂ ਆਗਾਮੀ ਚੋਣਾਂ ਵਿਚ ਸਰਹੱਦੀ ਖੇਤਰ ਦਾ ਬੁਨਿਆਦੀ ਵਿਕਾਸ, ਨਵੇਂ ਉਦਯੋਗਾਂ ਦੀ ਘਾਟ, ਨੌਜਵਾਨਾਂ ਲਈ ਰੁਜ਼ਗਾਰ, ਨਸ਼ਾ ਮੁਕਤੀ ਅਤੇ ਅਮਨ-ਕਾਨੂੰਨ ਦੀ ਸਥਿਤੀ ਮੁੱਖ ਮੁੱਦੇ ਰਹਿਣਗੇ। 2027 ਵਿਚ ਚਾਰੋਂ ਵੱਡੀਆਂ ਧਿਰਾਂ ਵਿਚਾਲੇ ਵੋਟਾਂ ਦੀ ਵੰਡ ਕਾਫ਼ੀ ਦਿਲਚਸਪ ਹੋਵੇਗੀ ਅਤੇ ਜਿੱਤ-ਹਾਰ ਦਾ ਫ਼ੈਸਲਾ ਬਹੁਤ ਹੀ ਘੱਟ ਅੰਤਰ ਨਾਲ ਹੋਣ ਦੇ ਆਸਾਰ ਹਨ। 2027 ਦੀਆਂ ਚੋਣਾਂ ਵਿਚ ਚਾਰਾਂ ਪ੍ਰਮੁੱਖ ਧਿਰਾਂ ਦੀ ਸਥਿਤੀ ਇੰਡੀਅਨ ਨੈਸ਼ਨਲ ਕਾਂਗਰਸ ਲਈ ਇਹ ਚੋਣ ਆਪਣਾ ਗੜ੍ਹ ਬਚਾਉਣ ਦੀ ਲੜਾਈ ਹੋਵੇਗੀ। ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਕਾਂਗਰਸ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰਕੇ ਹੈਟ੍ਰਿਕ ਲਗਾਉਣ ਦੇ ਯਤਨਾਂ ਵਿਚ ਹੈ। ਪਾਹੜਾ ਪਰਿਵਾਰ ਦਾ ਹਲਕੇ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿਚ ਮਜ਼ਬੂਤ ਜ਼ਮੀਨੀ ਆਧਾਰ ਰਿਹਾ ਹੈ ਪਰ ਸੱਤਾ ਤੋਂ ਬਾਹਰ ਹੋਣ ਕਾਰਨ ਆਪਣੇ ਵੋਟ ਬੈਂਕ ਨੂੰ ਇਕਜੁੱਟ ਰੱਖਣਾ ਉਨ੍ਹਾਂ ਲਈ ਵੱਡੀ ਚੁਣੌਤੀ ਹੋਵੇਗਾ। ਆਮ ਆਦਮੀ ਪਾਰਟੀ ਹਲਕੇ ਵਿਚ ਸੱਤਾਧਾਰੀ ਧਿਰ ਵਜੋਂ ਪੂਰੇ ਜ਼ੋਰ ਨਾਲ ਉਤਰਨ ਦੀ ਤਿਆਰੀ ਵਿਚ ਹੈ। 2022 ਦੀਆਂ ਚੋਣਾਂ ਵਿਚ ‘ਆਪ’ ਉਮੀਦਵਾਰ ਰਮਨ ਬਹਿਲ ਨੇ ਤਕਰੀਬਨ 29,500 ਵੋਟਾਂ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਸੀ। ਪਿਛਲੇ ਕੁਝ ਸਮੇਂ ਦੌਰਾਨ ਹਲਕੇ ਵਿਚ ਕਰਵਾਏ ਵਿਕਾਸ ਕਾਰਜਾਂ, ਬੁਨਿਆਦੀ ਢਾਂਚੇ ਦੇ ਸੁਧਾਰ ਤੇ ਸਰਕਾਰੀ ਯੋਜਨਾਵਾਂ ਦੇ ਦਮ ’ਤੇ ਪਾਰਟੀ ਆਪਣੀ ਵੋਟ ਪ੍ਰਤੀਸ਼ਤਤਾ ਵਧਾ ਕੇ ਇਹ ਸੀਟ ਆਪਣੇ ਨਾਂਅ ਕਰਨ ਦੀ ਕੋਸ਼ਿਸ਼ ਕਰੇਗੀ ਪਰ ਹਲਕੇ ਵਿਚ ਜ਼ਿਆਦਾ ਆਗੂਆਂ ਵਲੋਂ ਟਿਕਟ ਲਈ ਪੇਸ਼ ਕੀਤੀ ਜਾ ਰਹੀ ਦਾਅਵੇਦਾਰੀ ਦਾ ਕਿਤੇ ਨਾ ਕਿਤੇ ਪਾਰਟੀ ਨੂੰ ਖਮਿਆਜਾ ਭੁਗਤਣਾ ਪੈ ਸਕਦਾ ਹੈ। ਭਾਰਤੀ ਜਨਤਾ ਪਾਰਟੀ ਲਈ ਗੁਰਦਾਸਪੁਰ ਹਮੇਸ਼ਾ ਤੋਂ ਹੀ ਅਹਿਮ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਜਪਾ ਆਪਣੇ ਬਲਬੂਤੇ ’ਤੇ ਹਲਕੇ ਦੇ ਸ਼ਹਿਰੀ ਵੋਟ ਬੈਂਕ ਅਤੇ ਹਿੰਦੂ ਭਾਈਚਾਰੇ ਵਿਚ ਆਪਣਾ ਅਧਾਰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਪਾਰਟੀ ਕੇਂਦਰ ਸਰਕਾਰ ਵਲੋਂ ਸਰਹੱਦੀ ਖੇਤਰਾਂ ਲਈ ਚਲਾਈਆਂ ਯੋਜਨਾਵਾਂ ਤੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਨੂੰ ਮੁੱਖ ਰੱਖ ਕੇ ਚੋਣ ਮੈਦਾਨ ਵਿਚ ਨਿਤਰੇਗੀ। ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਪੁਰਾਣੀ ਰਾਜਨੀਤਿਕ ਜ਼ਮੀਨ ਦੀ ਵਾਪਸੀ ਲਈ ਪੂਰੀ ਤਰ੍ਹਾਂ ਸਰਗਰਮ ਹੈ। ਗੁਰਬਚਨ ਸਿੰਘ ਬੱਬੇਹਾਲੀ ਦਾ ਪਰਿਵਾਰ ਹਲਕੇ ਵਿਚ ਰਵਾਇਤੀ ਪੰਥਕ ਤੇ ਦਿਹਾਤੀ ਵੋਟਾਂ ’ਤੇ ਚੰਗੀ ਪਕੜ ਰੱਖਦਾ ਹੈ। ਪਾਰਟੀ ਪੰਜਾਬ ਦੇ ਸਥਾਨਿਕ ਮੁੱਦਿਆਂ ਤੇ ਕਿਸਾਨੀ ਸਰੋਕਾਰਾਂ ਨੂੰ ਚੁੱਕ ਕੇ ਆਪਣੇ ਰਵਾਇਤੀ ਵੋਟਰਾਂ ਨੂੰ ਮੁੜ ਨਾਲ ਜੋੜਨ ਲਈ ਕੋਸ਼ਿਸ਼ ਕਰ ਰਹੀ ਹੈ। ਪਿਛਲੀਆਂ ਚੋਣਾਂ ਦੇ ਅੰਕੜੇ ਤੇ ਵੋਟ ਪ੍ਰਤੀਸ਼ਤਤਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕੇ ਅੰਦਰ ਕੁੱਲ 1,69,628 ਰਜਿਸਟਰਡ ਵੋਟਰ ਸਨ, ਜਿਨ੍ਹਾਂ ’ਚੋਂ 72.25 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਕਾਂਗਰਸ ਦੇ ਬਰਿੰਦਰਮੀਤ ਸਿੰਘ ਪਾਹੜਾ ਨੇ 43,743 ਵੋਟਾਂ (35.23%) ਹਾਸਿਲ ਕਰਕੇ ਜਿੱਤ ਦਰਜ ਕੀਤੀ ਸੀ। ਦੂਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਬਚਨ ਸਿੰਘ ਬੱਬੇਹਾਲੀ ਨੂੰ 36,408 ਵੋਟਾਂ (29.33%) ਮਿਲੀਆਂ ਸਨ। ਆਮ ਆਦਮੀ ਪਾਰਟੀ ਦੇ ਰਮਨ ਬਹਿਲ 29,500 ਵੋਟਾਂ (23.76%) ਨਾਲ ਤੀਜੇ ਅਤੇ ਭਾਜਪਾ ਦੇ ਪਰਮਿੰਦਰ ਸਿੰਘ ਗਿੱਲ 9,819 ਵੋਟਾਂ (7.91%) ਨਾਲ ਚੌਥੇ ਸਥਾਨ ’ਤੇ ਰਹੇ ਸਨ। ਹਾਰ-ਜਿੱਤ ਦਾ ਫ਼ਰਕ 7,335 ਵੋਟਾਂ ਦਾ ਰਿਹਾ ਸੀ। ਇਸ ਤੋਂ ਪਹਿਲਾਂ 2 017 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਬਰਿੰਦਰਮੀਤ ਸਿੰਘ ਪਾਹੜਾ ਨੇ 67,709 ਵੋਟਾਂ (57.97%) ਲੈ ਕੇ ਅਕਾਲੀ ਦਲ ਦੇ ਗੁਰਬਚਨ ਸਿੰਘ ਬੱਬੇਹਾਲੀ ਨੂੰ 28,956 ਵੋਟਾਂ ਦੇ ਭਾਰੀ ਫ਼ਰਕ ਨਾਲ ਹਰਾਇਆ ਸੀ, ਜਿਨ੍ਹਾਂ ਨੂੰ 38,753 ਵੋਟਾਂ (33.18%) ਮਿਲੀਆਂ ਸਨ। ਉਸ ਸਮੇਂ ‘ਆਪ’ ਦੇ ਅਮਰਜੀਤ ਸਿੰਘ ਚਾਹਲ ਨੂੰ ਮਹਿਜ਼ 6,949 ਵੋਟਾਂ (5.95%) ਹੀ ਮਿਲ ਸਕੀਆਂ ਸਨ।