17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਭਾਰਤ-ਅਮਰੀਕਾ ਟ੍ਰੇਡ ਡੀਲ ਖ਼ਿਲਾਫ਼ ਸੜਕਾਂ ’ਤੇ ਉਤਰੇ ਕਿਸਾਨ *ਗੁਰਦਾਸਪੁਰ ’ਚ ਕਿਸਾਨਾਂ ਦਾ ਵਿਸ਼ਾਲ ਮੋਟਰਸਾਈਕਲ ਮਾਰਚ

ਅਜੀਤ ਡੈਸਕ 16-07-2026
ਗੁਰਦਾਸਪੁਰ, 15 ਜੁਲਾਈ (ਗੁਰਪ੍ਰਤਾਪ ਸਿੰਘ)-ਦੇਸ਼ ਵਿਚ ਕਿਸਾਨੀ ਹਿੱਤਾਂ ਨੂੰ ਬਚਾਉਣ ਦੇ ਨਾਂਅ ’ਤੇ ਵਿੱਢੇ ‘ਦੇਸ਼ ਬਚਾਓ ਮੋਰਚੇ’ ਦੇ ਸੱਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀਆਂ ਸੜਕਾਂ ‘ਤੇ ਕਿਸਾਨਾਂ ਦਾ ਵੱਡਾ ਹੜ੍ਹ ਦੇਖਣ ਨੂੰ ਮਿਲਿਆ। ਹਜ਼ਾਰਾਂ ਕਿਸਾਨਾਂ ਨੇ ਭਾਰਤ-ਅਮਰੀਕਾ ਕਰ ਮੁਕਤ ਵਪਾਰ ਦੇ ਵਿਰੋਧ ਵਿਚ ਇਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ। ਗੁਰਦਾਸਪੁਰ ਦੇ ਵੱਖ-ਵੱਖ ਬਜ਼ਾਰਾਂ ਅਤੇ ਮੁੱਖ ਮਾਰਗਾਂ ਤੋਂ ਲੰਘੇ ਇਸ ਮਾਰਚ ਦੌਰਾਨ ਕਿਸਾਨਾਂ ਦੇ ਰੋਹ ਦਾ ਪ੍ਰਗਟਾਵਾ ਸਾਫ਼ ਦੇਖਿਆ ਗਿਆ। ਹੱਥਾਂ ਵਿਚ ਜਥੇਬੰਦੀ ਦੇ ਝੰਡੇ ਫੜੀ ਕਿਸਾਨਾਂ ਨੇ ‘ਭਾਰਤ-ਅਮਰੀਕਾ ਕਰ ਮੁਕਤ ਵਪਾਰ ਰੱਦ ਕਰੋ’, ‘ਖੇਤੀ ਸੈਕਟਰ ਨੂੰ ਟ੍ਰੇਡ ਡੀਲ ਵਿਚੋਂ ਬਾਹਰ ਰੱਖੋ’ ਤੇ ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਅਕਾਸ਼-ਗੂੰਜਵੇਂ ਨਾਅਰੇ ਲਗਾਏ।

ਖੇਤੀ ਸੈਕਟਰ ਨੂੰ ਬਰਬਾਦ ਕਰੇਗੀ ਟ੍ਰੇਡ ਡੀਲ-ਕਿਸਾਨ ਆਗੂ
ਮਾਰਚ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਅਨੂਪ ਸਿੰਘ ਸੁਲਤਾਨੀ, ਸੁਖਜਿੰਦਰ ਸਿੰਘ ਗੋਤ, ਨਿਸ਼ਾਨ ਸਿੰਘ ਮੈੜੈ, ਨਿਰਮਲ ਸਿੰਘ ਆਦੀ, ਸੁਖਦੇਵ ਸਿੰਘ ਅੱਲੜ ਪਿੰਡੀ ਅਤੇ ਬੀਬੀ ਰਮਨਦੀਪ ਕੌਰ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਦਰਮਿਆਨ ਹੋਣ ਜਾ ਰਿਹਾ ਕਰ ਮੁਕਤ ਵਪਾਰ ਸਮਝੌਤਾ ਦੇਸ਼ ਦੀ ਖੇਤੀ, ਕਿਸਾਨਾਂ ਦੀ ਆਮਦਨ ਅਤੇ ਖੁਰਾਕੀ ਸੁਰੱਖਿਆ ਲਈ ਇਕ ਵੱਡਾ ਖ਼ਤਰਾ ਹੈ। ਜੇਕਰ ਖੇਤੀਬਾੜੀ ਸੈਕਟਰ ਨੂੰ ਇਸ ਸਮਝੌਤੇ ਵਿਚ ਸ਼ਾਮਿਲ ਕੀਤਾ ਗਿਆ ਤਾਂ ਭਾਰਤੀ ਬਾਜ਼ਾਰਾਂ ‘ਤੇ ਵਿਦੇਸ਼ੀ ਬਹੁ-ਰਾਸ਼ਟਰੀ ਕੰਪਨੀਆਂ ਦਾ ਕਬਜ਼ਾ ਹੋ ਜਾਵੇਗਾ। ਇਸ ਨਾਲ ਦੇਸ਼ ਦੇ ਕਰੋੜਾਂ ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਰੋਜ਼ੀ-ਰੋਟੀ ਖੁੱਸ ਜਾਵੇਗੀ। ਕਿਸਾਨ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਰਤੀ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਸੈਕਟਰ ਨੂੰ ਇਸ ਟ੍ਰੇਡ ਡੀਲ ਤੋਂ ਪੂਰੀ ਤਰ੍ਹਾਂ ਲਾਂਭੇ ਰੱਖਣਾ ਚਾਹੀਦਾ ਹੈ। ਮੋਟਰਸਾਈਕਲ ਮਾਰਚ ਦੀ ਸਮਾਪਤੀ ਤੋਂ ਬਾਅਦ ਕਿਸਾਨਾਂ ਦੇ ਵਫ਼ਦ ਨੇ ਏ.ਡੀ.ਸੀ. ਗੁਰਦਾਸਪੁਰ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਜਿਸ ਵਿਚ ਭਾਰਤ-ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਨੂੰ ਤੁਰੰਤ ਰੱਦ ਕਰਨ, ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਅੰਤਰਰਾਸ਼ਟਰੀ ਵਪਾਰਕ ਸਮਝੌਤੇ ਤੋਂ ਬਾਹਰ ਰੱਖਣ ਅਤੇ ਦੇਸ਼ ਦੇ ਅੰਨਦਾਤੇ ਦੀ ਆਰਥਿਕ ਸੁਰੱਖਿਆ ਅਤੇ ਫ਼ਸਲਾਂ ਦੇ ਲਾਹੇਵੰਦ ਭਾਅ ਲਈ ਠੋਸ ਅਤੇ ਸਥਾਈ ਰਾਸ਼ਟਰੀ ਨੀਤੀ ਬਣਾਉਣ ਦੀ ਮੰਗ ਕੀਤੀ ਗਈ।
ਪਿਛਲੀ ਖ਼ਬਰ ਲੋਨ ਦਿਵਾਉਣ ਦੇ ਨਾਂਅ ’ਤੇ ਠੱਗੀ ਮਾਰਨ ਵਾਲੇ 3 ਵਿਅਕਤੀਆਂ ’ਤੇ ਧੋਖਾਧੜੀ ਦਾ ਮਾਮਲਾ ਦਰਜ ਅਗਲੀ ਖ਼ਬਰ ਪ੍ਰਧਾਨ ਨਵਦੀਪ ਸਿੰਘ ਪੰਨੂੰ ਤੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਕਰਵਾਏ ਸ਼ੁਕਰਾਨਾ ਸਮਾਗਮਾਂ ’ਚ ਲੋਕਾਂ ਦਾ ਕੀਤਾ ਧੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।