ਪਠਾਨਕੋਟ, 2 ਜੂਨ (ਸੰਧੂ)ਪਠਾਨਕੋਟ ਲਈ ਮਾਣ ਵਾਲੀ ਗੱਲ ਹੈ ਕਿ ਐਸ.ਕੇ.ਆਰ. ਹਸਪਤਾਲ ਦੇ ਪ੍ਰਸਿੱਧ ਡਾਕਟਰ ਡਾ: ਕਿ੍ਸ਼ਨ ਕੁਮਾਰ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.) ਤੇ ਰੋਬੋਟਿਕਸ ਖੇਤਰ 'ਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਪੰਜਾਬ ਦੇ ਮਾਣਯੋਗ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵਲੋਂ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਉਨ੍ਹਾਂ ਨੂੰ ਸਿਹਤ ਸੇਵਾਵਾਂ 'ਚ ਆਧੁਨਿਕ ਤਕਨਾਲੋਜੀ ਤੇ ਨਵੀਨਤਮ ਮੈਡੀਕਲ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਭੇਟ ਕੀਤਾ ਗਿਆ | ਡਾ: ਕਿ੍ਸ਼ਨ ਕੁਮਾਰ ਨੇ ਐਸ.ਕੇ.ਆਰ. ਹਸਪਤਾਲ 'ਚ ਆਪਣੀ ਦੂਰ ਅੰਦੇਸ਼ੀ ਸੋਚ ਤੇ ਆਧੁਨਿਕ ਤਕਨੀਕਾਂ ਦੇ ਸੁਚੱਜੇ ਇਸਤੇਮਾਲ ਨਾਲ ਸਿਹਤ ਖੇਤਰ 'ਚ ਵੱਖਰੀ ਪਹਿਚਾਣ ਬਣਾਈ ਹੈ | ਉਨ੍ਹਾਂ ਦੀ ਅਗਵਾਈ ਹੇਠ ਹਸਪਤਾਲ ਵਲੋਂ ਏ.ਆਈ. ਆਧਾਰਿਤ ਡਾਇਗਨੋਸਟਿਕ ਸਿਸਟਮ ਤੇ ਰੋਬੋਟਿਕ ਸਹਾਇਤਾ ਨਾਲ ਇਲਾਜ ਪ੍ਰਕਿਰਿਆਵਾਂ ਨੂੰ ਅਪਣਾਇਆ ਗਿਆ ਹੈ | ਜਿਸ ਨਾਲ ਮਰੀਜ਼ਾਂ ਦੇ ਇਲਾਜ ਨੂੰ ਹੋਰ ਸੁਰੱਖਿਅਤ, ਸਟੀਕ ਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ | ਸਨਮਾਨ ਸਮਾਗਮ ਦੌਰਾਨ ਰਾਜਪਾਲ ਨੇ ਕਿਹਾ ਕਿ ਏ.ਆਈ. ਤੇ ਰੋਬੋਟਿਕਸ ਵਰਗੀਆਂ ਅਤਿ-ਆਧੁਨਿਕ ਤਕਨੀਕਾਂ ਭਵਿੱਖ ਦੀਆਂ ਸਿਹਤ ਸੇਵਾਵਾਂ ਦੀ ਲੋੜ ਹਨ ਤੇ ਡਾ: ਕਿ੍ਸ਼ਨ ਕੁਮਾਰ ਵਰਗੇ ਮਾਹਿਰਾਂ ਦੇ ਯਤਨਾਂ ਨਾਲ ਵਿਸ਼ਵ-ਪੱਧਰੀ ਸਿਹਤ ਸਹੂਲਤਾਂ ਛੋਟੇ ਸ਼ਹਿਰਾਂ ਤੇ ਪੇਂਡੂ ਖੇਤਰਾਂ ਤੱਕ ਵੀ ਪਹੁੰਚ ਰਹੀਆਂ ਹਨ | ਡਾ: ਕਿ੍ਸ਼ਨ ਕੁਮਾਰ ਨੇ ਇਸ ਮੌਕੇ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਪਲੱਬਧੀ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਐਸ.ਕੇ.ਆਰ. ਹਸਪਤਾਲ ਦੀ ਸਮੁੱਚੀ ਟੀਮ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਸਿਹਤ ਖੇਤਰ ਤੇਜ਼ੀ ਨਾਲ ਡਿਜੀਟਲ ਬਦਲਾਅ ਦੇ ਦੌਰ ਵਿਚੋਂ ਲੰਘ ਰਿਹਾ ਹੈ ਤੇ ਹਸਪਤਾਲ ਭਵਿੱਖ ਦੀਆਂ ਲੋੜਾਂ ਮੁਤਾਬਿਕ ਬਿਹਤਰ ਅਤੇ ਆਧੁਨਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਮਰੀਜ਼ਾਂ ਨੂੰ ਆਧੁਨਿਕ ਤਕਨੀਕ ਨਾਲ ਲੈਸ ਇਲਾਜ ਸਥਾਨਿਕ ਪੱਧਰ 'ਤੇ ਹੀ ਉਪਲੱਬਧ ਕਰਵਾਉਣਾ ਹੈ, ਤਾਂ ਜੋ ਉਨ੍ਹਾਂ ਨੂੰ ਵੱਡੇ ਮਹਾਨਗਰਾਂ ਦਾ ਰੁੱਖ ਨਾ ਕਰਨਾ ਪਵੇ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ 'ਚ ਏ.ਆਈ. ਤੇ ਰੋਬੋਟਿਕਸ ਸਿਹਤ ਸੇਵਾਵਾਂ 'ਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ |