ਘੁਮਾਣ, 2 ਜੂਨ (ਬੰਮਰਾਹ)-ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ੍ਰੀ ਚੰਦ ਜੀ ਨਜ਼ਦੀਕ ਪੁਲ ਪੁਖ਼ਤਾ ਪਿੰਡ ਗਿੱਲਾਂ ਕੋਟਲੀ ਸਾਹਿਬਾਜਪੁਰ ਸ੍ਰੀ ਹਰਗੋਬਿੰਦਪੁਰ ਰੋਡ ਟਾਂਡਾ ਹੁਸ਼ਿਆਰਪੁਰ ਵਿਖੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ | ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਅਤੇ ਹੋਰ ਪ੍ਰਚਾਰਕਾਂ ਨੇ ਹਾਜ਼ਰੀ ਭਰੀ | ਇਸ ਮੌਕੇ ਬਾਬਾ ਸੁਖਦੇਵ ਸਿੰਘ ਬੇਦੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਣੀ ਤੇ ਨਾਮ ਜਪਣ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ | ਗੁਰੂ ਨਾਨਕ ਇੰਟਰਨੈਸ਼ਨਲ ਸੇਵਾ ਮਿਸ਼ਨ ਵਲੋਂ ਸਮਾਜਿਕ ਧਾਰਮਿਕ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸੰਗਤਾਂ ਸੇਵਾ ਮਿਸ਼ਨ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲੈ ਰਹੀਆਂ ਹਨ | ਇਸ ਪਾਵਨ ਦਿਨ 'ਤੇ ਡਾ. ਜਸਕੀਤ ਸਿੰਘ ਪੀ.ਐੱਚ.ਡੀ. ਦੀਆਂ ਲਿਖੀਆਂ 2 ਪੁਸਤਕਾਂ 'ਉਦਾਸੀ ਪੰਥ ਇਤਿਹਾਸਿਕ ਪਰਿਪੇਖ ਅਤੇ ਆਤਮ ਪ੍ਰਬੋਧ' ਰਿਲੀਜ਼ ਕੀਤੀਆਂ ਗਈਆਂ, ਜਿਸ ਵਿਚ ਡਾ. ਸੁਖਵਿੰਦਰ ਸਿੰਘ, ਡਾ. ਜਸ਼ਨਜੋਤ ਸਿੰਘ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਬਾਬਾ ਸੁਖਦੇਵ ਸਿੰਘ ਬੇਦੀ ਨੇ ਡਾ. ਜਸਕੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਧਾਰਮਿਕ ਖੇਤਰ ਵਿਚ ਉਦਾਸੀ ਪੰਥ ਦੇ ਵਡਮੁੱਲੇ ਯੋਗਦਾਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਮੇਟੀ ਦੇ ਮੈਂਬਰ ਅਤੇ ਪ੍ਰਧਾਨ ਨਾਜਰ ਸਿੰਘ ਤੋਂ ਇਲਾਵਾ ਹੋਰ ਪ੍ਰਬੰਧਕ ਹਾਜ਼ਰ ਸਨ |