ਬਟਾਲਾ, 2 ਜੂਨ (ਸਤਿੰਦਰ ਸਿੰਘ)-ਸਿੱਖ ਇਤਿਹਾਸ 'ਚ ਗੁਰੂ ਸਾਹਿਬਾਨ ਦੀ ਆਨ-ਸ਼ਾਨ ਵਾਸਤੇ ਆਪਾ ਕੁਰਬਾਨ ਕਰਨ ਵਾਲੇ ਸ਼ਹੀਦ ਸਿੰਘ ਸਦਾ ਹਾਜ਼ਰ ਨਾਜ਼ਰ ਵਰਤਦੇ ਹਨ, ਉਨ੍ਹਾਂ ਦੀ ਕਿ੍ਪਾ ਕਰਕੇ 9 ਸਾਲਾਂ ਤੋਂ ਬਟਾਲਾ ਦੇ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਪਾਰਕ ਵਿਚ 'ਛਬੀਲ ਸ਼ਹੀਦਾਂ' ਦੇ ਰਾਹੀਂ ਏਕਨੂਰ ਸਟੂਡੀਓ ਤੇ ਡਿਜ਼ੀਟਲ ਲੈਬ ਤੋਂ ਮਨੁੱਖਤਾ ਦੀ ਸੇਵਾ ਲੈ ਰਹੇ ਹਨ | ਇਹ ਵਿਚਾਰ ਸਮਾਣਾ ਵਿਖੇ ਲੱਗੇ ਧਰਮ ਯੁੱਧ ਮੋਰਚੇ ਦੇ ਕੋਆਰਡੀਨੇਟਰ ਦੇ ਤੌਰ ਮੋਰਚੇ ਰਾਹੀਂ ਸਰਕਾਰ ਕੋਲੋਂ ਬੇਅਦਬੀ ਵਿਰੋਧੀ ਕਾਨੂੰਨ ਬਣਵਾਉਣ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਭਾਈ ਗੁਰਪ੍ਰੀਤ ਸਿੰਘ ਨੇ ਛਬੀਲ ਦੀ ਆਰੰਭਤਾ ਮੌਕੇ ਸੰਗਤਾਂ ਨਾਲ ਸਾਂਝੇ ਕੀਤੇ | ਜ਼ਿਕਰਯੋਗ ਹੈ ਕਿ ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁਖੀ ਦੇ ਤੌਰ 'ਤੇ ਵੀ ਭਾਈ ਗੁਰਪ੍ਰੀਤ ਸਿੰਘ ਬੇਅਦਬੀਆਂ ਰੋਕਣ ਲਈ ਕਰੀਬ 5 ਸਾਲਾਂ ਤੋਂ ਕਾਰਜਸ਼ੀਲ ਹਨ ਤੇ ਉਹ ਬਟਾਲਾ ਦੀ ਏਕਨੂਰ ਫੋਟੋ ਲੈਬ ਦੇ ਐਮ.ਡੀ. ਵੀ ਹਨ | ਉਨ੍ਹਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਹੋਏ ਇਤਿਹਾਸਿਕ ਸ਼ਹਿਰ ਬਟਾਲਾ ਵਿਖੇ ਪਿਛਲੇ 9 ਸਾਲਾਂ ਤੋਂ 'ਛਬੀਲ ਸ਼ਹੀਦਾਂ' ਦੇ ਰਾਹੀਂ ਮਨੁੱਖਤਾ ਦੀ ਸੇਵਾ ਬੜੇ ਪਿਆਰ ਸਤਿਕਾਰ ਨਾਲ ਕੀਤੀ ਜਾ ਰਹੀ ਹੈ | ਇਸ ਮੌਕੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਯਾਦਗਾਰੀ ਪਾਰਕ ਵਿਖੇ 2018 ਤੋਂ ਚੱਲ ਰਹੀ ਛਬੀਲ ਸ਼ਹੀਦਾਂ ਦਾ ਆਗਾਜ਼ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਕਰ ਕਮਲਾਂ ਨਾਲ ਹੋਇਆ ਸੀ, ਇਹ ਸੇਵਾ ਹਰ ਸਾਲ ਗਰਮੀਆਂ ਵਿਚ ਸ਼ਹੀਦਾਂ ਦੀ ਯਾਦ ਵਿਚ ਕੀਤੀ ਜਾਂਦੀ ਹੈ, ਜਿਸ ਦਾ ਚੌਕ 'ਚ ਖੜੇ੍ਹ ਮਿਹਨਤਕਸ਼ ਮਜ਼ਦੂਰਾਂ ਨੂੰ ਬਹੁਤ ਲਾਭ ਹੁੰਦਾ ਹੈ | ਛਬੀਲ ਦੀ ਆਰੰਭਤਾ ਭਾਈ ਹਰਬੰਸ ਸਿੰਘ ਹੰਸਪਾਲ ਨੇ ਅਰਦਾਸ ਕਰਕੇ ਕੀਤੀ ਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ, ਜਿਨ੍ਹਾਂ 'ਚ ਮਾਸਟਰ ਪ੍ਰਵੀਨ ਸਿੰਘ, ਭਾਈ ਹਰਭਿੰਦਰ ਸਿੰਘ ਠੀਕਰੀਵਾਲ, ਡੇਵਿਡ, ਭਰਤ ਕੁਮਾਰ, ਹਰਤਾਜ ਸਿੰਘ ਤੇ ਹੋਰ ਸ਼ਾਮਿਲ ਹੋਏ |