ਕਾਦੀਆਂ, 2 ਜੂਨ (ਕੁਲਵਿੰਦਰ ਸਿੰਘ)-ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਕਾਦੀਆਂ ਵਲੋਂ ਸੂਬਾ ਵਰਕਿੰਗ ਕਮੇਟੀ ਦੇ ਫ਼ੈਸਲੇ ਤਹਿਤ ਰੋਸ ਪ੍ਰਦਰਸ਼ਨ ਮੰਡਲ ਦਫ਼ਤਰ ਕਾਦੀਆਂ ਵਿਖੇ ਮੰਡਲ ਮੀਤ ਪ੍ਰਧਾਨ ਸੁਰਜੀਤ ਸਿੰਘ ਗੁਰਾਇਆ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਇਸ ਮੌਕੇ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਧਾਰਨ ਕੀਤੇ ਅੜੀਅਲ ਵਤੀਰੇ ਵਿਰੁੱਧ ਬਿਜਲੀ ਕਾਮਿਆਂ ਵਲੋਂ 16 ਤੇ 17 ਜੂਨ ਨੂੰ 2 ਰੋਜ਼ਾ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਲਈ ਸਮੁੱਚੇ ਬਿਜਲੀ ਕਾਮਿਆਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ | ਬੁਲਾਰਿਆਂ ਨੇ ਕਿਹਾ ਕਿ ਮੈਨੇਜ਼ਮੈਂਟ ਵਲੋਂ ਨਿੱਜੀਕਰਨ ਦੀ ਨੀਤੀ ਤਹਿਤ ਹੇਠਲੇ ਅਧਿਕਾਰੀਆਂ ਰਾਹੀਂ ਦਬਾਅ ਹੇਠ ਲਾਈਨਮੈਨ, ਸਹਾਇਕ ਲਾਈਨਮੈਨ ਕਰਮਚਾਰੀਆਂ ਨੂੰ ਜਬਰੀ ਫ਼ੋਨ ਦੇਣ ਨੀਤੀ, ਕੰਮ ਭਾਰ ਵਧਾਉਣ ਤੇ ਮਾਨਸਿਕ ਤੌਰ 'ਤੇ ਗ਼ੁਲਾਮ ਬਣਾਉਣ ਅਤੇ ਬਿਜਲੀ ਖੇਤਰ ਨਿੱਜੀ ਕੰਪਨੀਆਂ ਹਵਾਲੇ ਕਰਨ ਦੀ ਨੀਤੀ ਹੈ | ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜ਼ਮੈਂਟ ਤੋਂ ਮੰਗ ਕੀਤੀ ਕਿ ਮੋਬਾਈਲ ਫ਼ੋਨ ਦੇਣ ਲਈ ਲਗਾਈਆਂ ਸ਼ਰਤਾਂ ਅਤੇ ਨਾਦਰਸ਼ਾਹੀ ਫੁਰਮਾਨ ਰੱਦ ਕੀਤੇ ਜਾਣ, ਟੈਕਨੀਕਲ ਕਾਮਿਆਂ ਦੀ ਸੁਰੱਖਿਆ ਲਈ ਅਰਥ ਸਟਿੱਕ, ਪੌੜੀ, ਸੇਫਟੀ ਬੈਲਟਾਂ, ਦਸਤਾਨੇ ਆਦਿ ਦਾ ਪ੍ਰਬੰਧ ਕੀਤਾ ਜਾਵੇ ਅਤੇ ਜਥੇਬੰਦੀ ਵਲੋਂ ਦਿੱਤੇ ਮੰਗ ਪੱਤਰ ਵਿਚ ਦਰਜ ਮੰਗਾਂ 'ਤੇ ਗੱਲਬਾਤ ਕਰਕੇ ਮੰਗਾਂ ਮਸਲੇ ਹੱਲ ਕੀਤੇ ਜਾਣ | ਇਸ ਮੌਕੇ ਕਸ਼ਮੀਰ ਸਿੰਘ, ਰਣਜੀਤ ਸਿੰਘ, ਹਰਦੀਪ ਸਿੰਘ ਸੇਖੋਂ, ਦਲਜਿੰਦਰ ਸਿੰਘ, ਗੁਰਵਿੰਦਰ ਸਿੰਘ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ ਹਾਜ਼ਰ ਹੋਏ |