ਧਾਰੀਵਾਲ, 2 ਜੂਨ (ਜੇਮਸ ਨਾਹਰ)-ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਵਿਖੇ ਨਵੇਂ ਆਏ ਪੈਰਿਸ ਪ੍ਰੀਸਟ ਤੇ ਡੀਨ ਫਾਦਰ ਜੌਨ ਜਾਰਜ ਦਾ ਇਥੇ ਪਹੁੰਚਣ 'ਤੇ ਕੈਥੋਲਿਕ ਚਰਚ ਵਿਨਸੈਂਟ ਡੀ ਪਾਲ ਸੋਸਾਇਟੀ ਡਾਇਓਸੀਸ ਆਫ ਜਲੰਧਰ ਦੇ ਪ੍ਰਧਾਨ ਰਾਕੇਸ਼ ਵਿਲੀਅਮ ਤੇ ਪੈਰਿਸ ਪ੍ਰੀਸਟ ਫਾਦਰ ਜੋਸ ਪਡਿਆਟੀ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਡਾਇਓਸੀਸ ਆਫ ਜਲੰਧਰ ਦੇ ਬਿਸਪ ਜੋਸ ਸੇਬਾਸਟੀਅਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾਇਓਸੀਸ ਦੇ ਵੱਖ-ਵੱਖ ਗਿਰਜਾ ਘਰਾਂ ਵਿਚ ਸੇਵਾ ਨਿਭਾਅ ਰਹੇ ਪ੍ਰੋਹਿਤਾਂ ਦੇ ਤਬਾਦਲੇ ਕੀਤੇ ਗਏ ਹਨ | ਇਸ ਤਹਿਤ ਪਿਛਲੇ 4 ਸਾਲਾਂ ਤੋਂ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਵਿਚ ਸੇਵਾ ਨਿਭਾਅ ਰਹੇ ਫਾਦਰ ਜੋਸ਼ ਪਡਿਆਟੀ ਦੀ ਬਦਲੀ ਕਾਰਪਸ ਕਿ੍ਸਟੀ ਚਰਚ ਭਿੱਖੀਵਿੰਡ (ਜ਼ਿਲ੍ਹਾ ਤਰਨ ਤਾਰਨ) ਵਿਖੇ ਕੀਤੀ ਗਈ ਹੈ | ਇਸ ਦੇ ਨਾਲ ਹੀ ਪਿਛਲੇ ਪੰਜ ਸਾਲਾਂ ਤੋਂ ਸੇਂਟ ਫਰਾਂਸਿਸ ਚਰਚ ਪੰਡੋਰੀ ਰੋਡ ਗੁਰਦਾਸਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਫਾਦਰ ਜੌਨ ਜਾਰਜ ਦੀ ਇਥੇ ਨਿਯੁਕਤੀ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਵਿਖੇ ਕੀਤੀ | ਫਾਦਰ ਜੌਨ ਜਾਰਜ ਦੇ ਧਾਰੀਵਾਲ ਪਹੁੰਚਣ 'ਤੇ ਪ੍ਰਧਾਨ ਰਾਕੇਸ਼ ਵਿਲੀਅਮ, ਫਾਦਰ ਜੋਸ ਪਡਿਆਟੀ ਅਤੇ ਸਮੂਹ ਕਲੀਸੀਆ ਵਲੋਂ ਉਨ੍ਹਾਂ ਦਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਾਕੇਸ਼ ਵਿਲੀਅਮ ਨੇ ਫਾਦਰ ਜੌਨ ਜਾਰਜ ਨੂੰ ਵਿਸ਼ਵਾਸ ਦਿਵਾਇਆ ਕਿ ਧਾਰਮਿਕ, ਸਮਾਜਿਕ ਤੇ ਦਨਿਆਵੀ ਕਾਰਜਾਂ ਵਿਚ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਕਲੀਸੀਆ ਅਤੇ ਸਮਾਜ ਦੀ ਹੋਰ ਬਿਹਤਰ ਸੇਵਾ ਕੀਤੀ ਜਾ ਸਕੇ |