ਤਾਰਾਗੜ੍ਹ, 31 ਮਾਰਚ (ਸੋਹਨ ਲਾਲ)-ਹਲਕਾ ਭੋਆ ਦੇ ਕਈ ਪਿੰਡਾਂ ਵਿਚ ਮਾਈਨਿੰਗ ਦਾ ਧੰਦਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ | ਜਿਸ ਵੱਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਨਜਾਇਜ਼ ਮਾਈਨਿੰਗ ਸਰਕਾਰ ਆਪ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇ ਸਰਕਾਰ ਇਹ ਨਜਾਇਜ਼ ਮਾਈਨਿੰਗ ਨਹੀਂ ਕਰਾ ਰਹੀ ਤਾਂ ਇਹ ਮਾਈਨਿੰਗ ਕਿਉਂ ਨਹੀਂ ਰੁਕ ਰਹੀ | ਇਹ ਨਜਾਇਜ਼ ਮਾਈਨਿੰਗ ਦਾ ਖੇਡ ਰਾਤ ਨੰੂ 8 ਵਜੇ ਸ਼ੁਰੂ ਹੋ ਜਾਂਦਾ ਹੈ ਤੇ ਰਾਤ ਨੰੂ ਪਿੰਡਾਂ ਵਿਚ ਨਜਾਇਜ਼ ਮਾਈਨਿੰਗ ਹੁੰਦੀ ਰਹਿੰਦੀ ਹੈ | ਜਿਸ ਕਾਰਨ ਇਲਾਕਾ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਪਿੰਡਾਂ ਦੀਆਂ ਮੇਨ ਸੜਕਾਂ 'ਤੇ ਰਾਤ ਨੰੂ 8 ਵਜੇ ਟਰੱਕ ਟਿੱਪਰ ਖੜੇ ਦਿਖਾਈ ਦਿੰਦੇ ਹਨ | ਇਹ ਟਰੱਕ, ਟਿੱਪਰ ਤੇ ਟਰਾਲੀਆਂ ਪਿੰਡ ਪਰਮਾਨੰਦ, ਰਹੀਮਪੁਰ, ਤੰਗੋਸ਼ਾਹ, ਪੱਖੋਚੱਕ ਅਤੇ ਸ਼ਾਦੀਪੁਰ ਸੜਕਾਂ 'ਤੇ ਰਾਤ 8 ਵਜੇ ਖੜੇ ਹੁੰਦੇ ਹਨ ਤੇ ਹਲਕਾ ਭੋਆ ਦੇ ਪਿੰਡਾਂ ਵਿਚ ਨਜਾਇਜ਼ ਮਾਈਨਿੰਗ ਕਰਨ ਲਈ ਚਲੇ ਜਾਂਦੇ ਹਨ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਬਣੇ 4 ਸਾਲ ਹੋ ਗਏ ਹਨ, ਪਰ ਹਲਕਾ ਭੋਆ ਵਿਚ ਇਕ ਦਿਨ ਵੀ ਮਾਈਨਿੰਗ ਬੰਦ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਕਈ ਟਰੱਕ, ਟਿੱਪਰਾਂ ਵਾਲਿਆਂ ਨੇ ਨੰਬਰ ਪਲੇਟਾਂ ਤੱਕ ਨਹੀਂ ਲਗਾਈਆਂ ਹੋਈਆਂ | ਦੱਸ ਦੇਈਏ ਕਿ ਇਨ੍ਹਾਂ ਵਲੋਂ ਨੰਬਰ ਪਲੇਟਾਂ ਇਸ ਲਈ ਨਹੀਂ ਲਗਾਈਆਂ ਹੁੰਦੀਆਂ ਕਿਉਂਕਿ ਇਨ੍ਹਾਂ ਵਲੋਂ ਦੋ ਨੰਬਰ ਵਿਚ ਰੇਤਾ, ਬੱਜਰੀ ਲੈ ਕੇ ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵੀ ਇਨ੍ਹਾਂ ਦਾ ਕੋਈ ਚਲਾਨ ਨਹੀਂ ਕੱਟਦੀ | ਜੇਕਰ ਚਲਾਨ ਕੱਟਦੀ ਹੈ ਤਾਂ ਉਹ ਸਿਰਫ 500 ਰੁਪਏ ਦਾ | ਲੋਕਾਂ ਨੇ ਸਰਕਾਰ ਨੰੂ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਜਾਇਜ਼ ਮਾਈਨਿੰਗ ਦਾ ਧੰਦਾ ਬੰਦ ਨਾ ਹੋਇਆ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਨੰੂ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ |