ਪਠਾਨਕੋਟ, 31 ਮਾਰਚ (ਸੁਮਿਤ)-ਗਊ ਰਕਸ਼ਾ ਦਲ ਵਲੋਂ ਕਾਮਦਾ ਇਕਾਦਸੀ ਦੇ ਪਾਵਨ ਮੌਕੇ ਗਊ ਸ਼ਾਲਾ ਵਿਚ ਮੀਟਿੰਗ ਆਯੋਜਿਤ ਕੀਤੀ ਗਈ | ਇਸ ਮੀਟਿੰਗ ਦੀ ਅਗਵਾਈ ਗਊ ਸ਼ਾਲਾ ਦੀ ਚੇਅਰਪਰਸਨ ਰੰਜਨਾ ਮਹਾਜਨ ਨੇ ਕੀਤੀ, ਜਿਸ ਵਿਚ ਸੰਗਠਨ ਦੇ ਅਹਿਮ ਆਗੂਆਂ ਨੇ ਭਾਗ ਲਿਆ | ਮਹਿਲਾ ਵਿੰਗ ਦੀ ਆਗੂ ਨੀਲਮ ਸੈਣੀ ਅਤੇ ਪ੍ਰਧਾਨ ਮਨੀਮਹੇਸ਼ ਬਿੱਲਾ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਮੀਟਿੰਗ ਦੌਰਾਨ ਮੁੱਖ ਤੌਰ 'ਤੇ ਭਾਰਤ ਨੂੰ 'ਗਊ ਰਾਸ਼ਟਰ' ਐਲਾਨ ਕਰਨ ਦੀ ਮੰਗ ਉਠਾਈ ਗਈ | ਆਗੂਆਂ ਕਿਹਾ ਕਿ ਗਊ ਮਾਤਾ ਦੀ ਸੁਰੱਖਿਆ ਅਤੇ ਸਨਮਾਨ ਲਈ ਇਹ ਕਦਮ ਬਹੁਤ ਜ਼ਰੂਰੀ ਹੈ | ਉਨ੍ਹਾਂ ਦਲੀਲ ਦਿੱਤੀ ਕਿ ਦੇਸ਼ ਦੀ ਸੰਸਕਿ੍ਤੀ ਅਤੇ ਧਾਰਮਿਕ ਪਰੰਪਰਾਵਾਂ ਨਾਲ ਗਊ ਦਾ ਗਹਿਰਾ ਸਬੰਧ ਹੈ, ਇਸ ਲਈ ਇਸ ਦੀ ਰੱਖਿਆ ਲਈ ਕੜੇ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ | ਇਸ ਮੰਗ ਨੂੰ ਲੈ ਕੇ ਗਊ ਰਕਸ਼ਾ ਦਲ ਵਲੋਂ ਅਗਲੇ ਕਦਮਾਂ ਦਾ ਵੀ ਐਲਾਨ ਕੀਤਾ ਗਿਆ | ਆਗੂਆਂ ਦੱਸਿਆ ਕਿ 27 ਅਪ੍ਰੈਲ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਐਸ.ਡੀ.ਐਮ. ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਜਾਣਗੇ | ਇਸ ਰਾਹੀਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਦੀ ਮੰਗ 'ਤੇ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸੰਤਾਂ-ਪੁਰਖਾਂ ਦੀ ਅਗਵਾਈ ਵਿਚ ਮਰਨ ਵਰਤ ਵੀ ਸ਼ੁਰੂ ਕੀਤਾ ਜਾ ਸਕਦਾ ਹੈ |