ਗੁਰਦਾਸਪੁਰ, 29 ਮਾਰਚ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਕੁਝ ਮਹੀਨਿਆਂ ਤੋਂ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਤੇ ਨੀਂਹ ਪੱਥਰਾਂ ਦੇ ਨਾਂਅ 'ਤੇ ਸਿਆਸੀ ਖੇਡ ਖੇਡੀ ਜਾ ਰਹੀ ਹੈ ਅਤੇ ਲੋਕਾਂ 'ਚ ਭਰਮ ਭੁਲੇਖੇ ਪਾ ਕੇ ਵੋਟ ਬੈਂਕ ਪੱਕਾ ਕੀਤਾ ਜਾ ਰਿਹਾ ਹੈ | ਇਸ ਸਬੰਧੀ ਭਾਜਪਾ ਦੇ ਸੀਨੀਅਰ ਨੌਜਵਾਨ ਆਗੂ ਐਡਵੋਕੇਟ ਨਡਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸ਼ਹਿਰ ਦੀ ਮਿਉਂਸੀਪਲ ਕਮੇਟੀ ਆਪਣੀ ਮਿਆਦ ਦੇ ਅਖੀਰਲੇ ਪੜਾਅ ਵਿਚ ਹੈ ਤੇ ਵਿਕਾਸ ਕੰਮਾਂ ਨੰੂ ਲੈ ਕੇ ਗੰਭੀਰ ਅਸਮਾਨਤਾ ਤੇ ਚੋਣਵਾਂ ਤਰੀਕਾ ਵਰਤਿਆ ਜਾ ਰਿਹਾ ਹੈ ਜੋ ਕਾਨੰੂਨੀ ਤੌਰ 'ਤੇ ਉਲਟ ਹੈ | ਉਨ੍ਹਾਂ ਦੱਸਿਆ ਕਿ ਟੈਂਡਰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਦਿੱਤੇ ਜਾਣ, ਨਹੀਂ ਤਾਂ ਸਰਕਾਰੀ ਨਿਯਮਾਂ ਤੇ ਪ੍ਰਸ਼ਾਸਨਿਕ ਨੈਤਿਕਤਾ ਦੀ ਉਲੰਘਣਾ ਬਣਦੀ ਹੈ | ਉਨ੍ਹਾਂ ਕਿਹਾ ਕਿ ਪੁਰਾਣਾ ਸ਼ਾਲਾ ਦੀਨਾਨਗਰ ਸੜਕ ਦੀ ਹਾਲਤ ਬੇਹੱਦ ਖਸਤਾ ਹੈ ਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਸਿਰਫ਼ ਨੀਂਹ ਪੱਥਰ ਰੱਖਣਾ ਮਹਿਜ਼ ਇਕ ਡਰਾਮਾ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਕੀਤੇ ਜਾ ਰਹੇ ਉਦਘਾਟਨ ਤੇ ਰੱਖੇ ਜਾ ਰਹੇ ਨੀਂਹ ਪੱਥਰਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਸਾਹਮਣੇ ਵਿਕਾਸ ਕਾਰਜਾਂ ਦੇ ਨਾਂਅ 'ਤੇ ਵੱਡਾ ਘਪਲਾ ਸਾਹਮਣੇ ਆ ਸਕੇ |