ਗੁਰਦਾਸਪੁਰ, 29 ਮਾਰਚ (ਚੱਕਰਾਜਾ)- ਪੰਜਾਬ ਸਰਕਾਰ ਵਲੋਂ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਲਈ ਪੂਰੇ ਪੰਜਾਬ ਵਿਚ 118 ਸਕੂਲਜ਼ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ 9ਵੀਂ ਅਤੇ 11ਵੀਂ ਜਮਾਤ ਦੇ ਦਾਖ਼ਲੇ ਲਈ ਵਿਦਿਆਰਥੀਆਂ ਦੀ ਦਾਖਲਾ ਟੈਸਟ ਰਾਹੀਂ ਚੋਣ ਕੀਤੀ ਜਾਂਦੀ ਹੈ | ਜ਼ਿਲ੍ਹਾ ਨੋਡਲ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਸਾਲ ਸਕੂਲ ਆਫ਼ ਐਮੀਨੈਂਸ ਬਟਾਲਾ, ਗੁਰਦਾਸਪੁਰ ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਦਾਖ਼ਲੇ ਵਾਸਤੇ ਵਿਭਾਗ ਵਲੋਂ ਮਿਤੀ 01 ਮਾਰਚ 2026 ਨੂੰ ਪ੍ਰਵੇਸ਼ ਪ੍ਰੀਖਿਆ ਕਰਵਾਈ ਗਈ ਸੀ ਜਿਸ ਦਾ ਨਤੀਜਾ ਐਲਾਨ ਹੋ ਚੁੱਕਾ ਹੈ | ਵਿਦਿਆਰਥੀ ਆਪਣਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ pseb.ac.in 'ਤੇ ਜਾ ਕੇ ਐਸ.ਓ.ਈ. ਪੋਰਟਲ ਖੋਲ੍ਹ ਕੇ ਜਾਂ ssapunjab.org ਅਧੀਨ daily circulars ਤੋਂ ਡਾਊਨਲੋਡ ਕਰ ਸਕਦੇ ਹਨ | ਇਹ ਪ੍ਰਵੇਸ਼ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਪ੍ਰੋਵੀਜਨਲ ਦਾਖ਼ਲੇ ਦੀ ਸ਼ੁਰੂਆਤ ਮਿਤੀ 01 ਅਪ੍ਰੈਲ 2026 ਤੋਂ ਪ੍ਰਵੇਸ਼ ਪ੍ਰੀਖਿਆ ਦੀ ਮੈਰਿਟ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ | ਇਹ ਵਿਦਿਆਰਥੀ ਪ੍ਰਵੇਸ਼ ਪ੍ਰੀਖਿਆ ਵਾਸਤੇ ਅਪਲਾਈ ਕਰਨ ਸਮੇਂ ਮੈਪ ਕੀਤੇ ਸਕੂਲ ਆਫ਼ ਐਮੀਨੈਂਸ ਵਿਚ ਦਾਖਲਾ ਲੈਣ ਦੇ ਹੱਕਦਾਰ ਹੋਣਗੇ | ਇਸ ਵਿਚ ਸਭ ਤੋਂ ਪਹਿਲਾਂ ਐਸ.ਓ.ਈ. ਸਕੂਲਾਂ ਵਿਚ 10ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀਆਂ ਨੂੰ 11ਵੀਂ ਜਮਾਤ ਵਿਚ ਪ੍ਰੋਵੀਜਨਲ ਦਾਖ਼ਲੇ ਵਿਚ ਪਹਿਲ ਦਿੱਤੀ ਜਾਵੇਗੀ ਤੇ ਇਹ ਵਿਦਿਆਰਥੀ 11ਵੀਂ ਵਾਸਤੇ ਆਪਣੀ ਮਨਪਸੰਦੀ ਦੇ ਸਟਰੀਮ ਦੀ ਚੋਣ ਕਰ ਸਕਦੇ ਹਨ | ਉਪਰੰਤ ਬਾਕੀ ਬਚਦੀਆਂ ਸ਼ੀਟਾਂ ਉੱਪਰ ਪ੍ਰਵੇਸ਼ ਪ੍ਰੀਖਿਆ 'ਚੋਂ ਕੁਆਲੀਫਾਈ ਵਿਦਿਆਰਥੀਆਂ ਨੂੰ ਪ੍ਰੋਵੀਜ਼ਨਲ ਤੌਰ 'ਤੇ ਦਾਖਲਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਦੇ ਤਿੰਨੇ ਸਕੂਲ ਆਫ਼ ਐਮੀਨੈਂਸ ਵਿਚ 9ਵੀਂ ਜਮਾਤ ਲਈ 36 ਸੀਟਾਂ ਹਰੇਕ ਸਕੂਲ ਤੇ 11ਵੀਂ ਜਮਾਤ ਲਈ ਚਾਰ ਸਟਰੀਮ ਵਿਚ 32 ਵਿਦਿਆਰਥੀ ਪ੍ਰਤੀ ਸਟਰੀਮ (ਨਾਨ ਮੈਡੀਕਲ, ਮੈਡੀਕਲ, ਆਰਟਸ ਤੇ ਕਾਮਰਸ) ਦੇ ਹਿਸਾਬ 128 ਸੀਟਾਂ ਹੋਣਗੀਆਂ | ਪ੍ਰੋਵੀਜਨਲ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਪ੍ਰਵੇਸ਼ ਪ੍ਰੀਖਿਆ ਦੀ ਮੈਰਿਟ ਦੇ ਆਧਾਰ 'ਤੇ ਅੱਠਵੀਂ/ਦਸਵੀਂ ਪ੍ਰੀਖਿਆ ਦੇ ਨਤੀਜੇ ਪਾਸ ਹੋਣ ਉਪਰੰਤ ਤੇ ਐਸ.ਓ.ਈ. ਸਕੂਲਾਂ ਵਿਚ ਸੀਟਾਂ ਦੀ ਉਪਲੱਬਧਤਾ ਹੋਣ ਦੀ ਸੂਰਤ 'ਚ ਦਾਖਲਾ ਫਾਈਨਲ ਮੰਨਿਆ ਜਾਵੇਗਾ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:) ਪਰਮਜੀਤ ਨੇ ਜ਼ਿਲੇ੍ਹ ਦੇ ਸਮੂਹ ਪ੍ਰਵੇਸ਼ ਪ੍ਰੀਖਿਆ ਪਾਸ ਕਰ ਚੁੱਕੇ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਮਿਤੀ 01 ਅਪ੍ਰੈਲ 2026 ਨੂੰ ਆਪਣੇ-ਆਪਣੇ ਮੈਪਡ ਸਕੂਲ ਆਫ਼ ਐਮੀਨੈਂਸ ਵਿਚ ਜ਼ਰੂਰੀ ਦਸਤਾਵੇਜ਼ ਸਮੇਤ ਸਬੰਧਿਤ ਪਿ੍ੰਸੀਪਲ ਨੂੰ ਰਿਪੋਰਟ ਕਰਨ ਲਈ ਪਾਬੰਦ ਕੀਤਾ | ਕੇਵਲ ਪ੍ਰੋਵੀਜਨਲ ਤੌਰ 'ਤੇ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ 'ਚੋਂ ਹੀ ਫਾਈਨਲ ਦਾਖ਼ਲੇ ਦੀ ਚੋਣ ਕੀਤੀ ਜਾਵੇਗੀ | ਸ: ਪੁਰੇਵਾਲ ਨੇ ਅੱਗੇ ਦੱਸਿਆ ਕਿ ਇਨ੍ਹਾਂ ਸਕੂਲਾਂ ਵਿਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਸਕੂਲ ਪੱਧਰ 'ਤੇ ਹੀ ਪੇਸ਼ ਤਹਿਤ ਜੇ.ਈ.ਈ/ਨੀਟ ਤੇ ਕਲੈਟ ਆਦਿ ਟੈਸਟਾਂ ਲਈ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ ਤੇ ਹਰੇਕ ਵਿਦਿਆਰਥੀ ਨੂੰ 4000 ਰੁਪਏ ਕੀਮਤ ਦੀ ਮੁਫ਼ਤ ਯੂਨੀਫ਼ਾਰਮ ਤੇ ਬੱਸ ਸਹੂਲਤ ਵੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ | ਹਰੇਕ ਸਾਲ ਵਿਦਿਆਰਥੀਆਂ ਲਈ ਐਕਸਪੋਜਰ ਵਿਜ਼ਟ ਦੇ ਨਾਲ-ਨਾਲ ਕੰਪੀਟੀਟਿਵ ਇਮਤਿਹਾਨਾਂ ਦੀ ਤਿਆਰੀ ਵਾਸਤੇ ਸਟੇਟ ਪੱਧਰ 'ਤੇ ਮੁਫ਼ਤ ਵਿੰਟਰ ਤੇ ਸਮਰ ਕੈਂਪ ਲਗਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਇਨ੍ਹਾਂ ਸਕੂਲਾਂ ਦੇ ਕਈ ਵਿਦਿਆਰਥੀਆਂ ਨੇ ਜੇ.ਈ.ਈ./ਨੀਟ ਤੇ ਕਲੈਟ ਦੀ ਪ੍ਰੀਖਿਆ ਪਾਸ ਕਰਕੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਅਤੇ ਮਿੱਥੇ ਸਮੇਂ 'ਤੇ ਸਕੂਲ ਵਿਜ਼ਟ ਕਰਕੇ ਆਪਣੇ ਬੱਚਿਆਂ ਦਾ ਦਾਖਲਾ ਕਰਵਾਓ |