ਗੁਰਦਾਸਪੁਰ, 29 ਮਾਰਚ (ਗੁਰਪ੍ਰਤਾਪ ਸਿੰਘ)- ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵਲੋਂ ਸਾਂਝੇ ਤੌਰ 'ਤੇ ਵਾਰਡ ਨੰਬਰ 3 ਗੁਰਦੁਆਰਾ ਬਾਬਾ ਟਹਿਲ ਸਿੰਘ ਕਾਲੋਨੀ ਗੁਰਦਾਸਪੁਰ ਵਿਖੇ ਨਵੀਆਂ ਗਲੀਆਂ, ਸੀਵਰੇਜ ਤੇ ਸੜਕਾਂ ਦੇ ਨਿਰਮਾਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸ਼ਹਿਰ ਵਿਚ ਨਵਾਂ ਬੱਸ ਸਟੈਂਡ ਤੇ ਅੰਡਰਬਿ੍ਜ ਬਣਾਉਣ ਦੀ ਗੱਲ ਕੀਤੀ ਤਾਂ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ ਪਰ ਉਨ੍ਹਾਂ ਨੇ ਦੋਵੇਂ ਪ੍ਰੋਜੈਕਟ ਪੂਰੇ ਕਰਕੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੰਮ ਨੂੰ ਦੇਖ ਕੇ ਲੋਕਾਂ ਨੇ ਸ਼ਹਿਰ ਦੀਆਂ ਸਾਰੇ 29 ਵਾਰਡਾਂ ਵਿਚ ਉਨ੍ਹਾਂ ਦੀ ਪਾਰਟੀ ਦੇ ਕੌਂਸਲਰ ਚੁਣੇ | ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਦੂਜਾ ਮੌਕਾ ਦਿੱਤਾ ਹੈ, ਭਾਵੇਂ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਨਹੀਂ ਹੈ ਪਰ ਉਹ ਲੋਕਾਂ ਲਈ ਕੰਮ ਕਰਨ ਤੋਂ ਪਿੱਛੇ ਨਹੀਂ ਹਟਣਗੇ | ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਸਰਕਾਰ ਤੋਂ ਲੋਕਾਂ ਦੇ ਹੱਕ ਕਿਵੇਂ ਲੈਣੇ ਹਨ | ਉਨ੍ਹਾਂ ਦੇ ਕੰਮ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ, ਉਹ ਵਿਕਾਸ ਪ੍ਰੋਜੈਕਟਾਂ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਵਿਰੋਧੀ ਧਿਰਾਂ ਕਦੇ ਵੀ ਆਪਣੀਆਂ ਘਟੀਆ ਚਾਲਾਂ 'ਚ ਸਫਲ ਨਹੀਂ ਹੋਣਗੀਆਂ | ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਇਸ ਵਾਰਡ ਦੀਆਂ ਗਲੀਆਂ ਕੱਚੀਆਂ ਸਨ ਜਿਸ ਕਾਰਨ ਜਦੋਂ ਵੀ ਮੀਂਹ ਪੈਂਦਾ ਸੀ ਤਾਂ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਸੀ | ਉਨ੍ਹਾਂ ਕਿਹਾ ਕਿ ਕਾਲੋਨੀ 'ਚ ਸਮੱਸਿਆਵਾਂ ਨੂੰ ਦੇਖਦੇ ਹੋਏ ਇਸ ਦਾ ਹੱਲ ਕਰ ਲਿਆ ਹੈ ਜਿਸ ਨਾਲ ਲੋਕਾਂ ਨੂੰ ਹੁਣ ਮੁਸ਼ਕਲ ਨਹੀਂ ਆਵੇਗੀ |