ਨਰੋਟ ਮਹਿਰਾ, 26 ਮਾਰਚ (ਰਾਜ ਕੁਮਾਰੀ)- ਪੰਜਾਬ ਦੇ ਲੋਕ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਤੋਂ ਬਹੁਤ ਖ਼ੁਸ਼ ਤੇ ਸੰਤੁਸ਼ਟ ਹਨ | ਲੋਕਾਂ ਨੇ ਜਿਹੜੀਆਂ ਉਮੀਦਾਂ ਅਤੇ ਭਰੋਸੇ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਸੀ, ਸਰਕਾਰ ਉਨ੍ਹਾਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰੀ ਉੱਤਰੀ ਹੈ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਆਸ਼ਾ ਬਾਨੋ ਵਿਖੇ ਸਰਕਾਰ ਦੇ 'ਸ਼ਾਨਦਾਰ 4 ਸਾਲ ਭਗਵੰਤ ਸਿੰਘ ਮਾਨ ਦੇ ਨਾਲ' ਸੰਵਾਦ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਅਸ਼ਵਨੀ ਕੁਮਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਰਜਨੀ ਬਾਲਾ, ਰਿੰਪੀ ਬਾਲਾ, ਬਲਾਕ ਪ੍ਰਧਾਨ ਦੀਪਕ ਗਤੋਰਾ, ਕਰਨ ਮੈਂਬਰ ਬਲਾਕ ਸੰਮਤੀ, ਅੰਕੁਸ਼ ਮਹਿਰਾ, ਰਵੀ ਜਗਤਪੁਰ ਬਲਾਕ ਪ੍ਰਧਾਨ, ਤਰਸੇਮ ਲਾਲ ਸਰਪੰਚ ਪੰਜੋੜ, ਬਨਾਰਸੀ ਲਾਲ ਸਰਪੰਚ ਝੰਡਪੁਰ, ਸੰਦੀਪ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ | ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਕੀਤੇ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਤੇ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਹੋਰ ਤੇਜ਼ੀ ਦਿੱਤੀ ਜਾ ਰਹੀ ਹੈ |