ਪਠਾਨਕੋਟ, 25 ਮਾਰਚ (ਸੁਮਿਤ)- ਨਗਰ ਸੁਧਾਰ ਟਰੱਸਟ ਵਲੋਂ ਵਾਰਡ ਨੰਬਰ-23 ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ਪ੍ਰੋਗਰਾਮ ਦੀ ਪ੍ਰਧਾਨਗੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਨੇ ਕੀਤੀ | ਇਸ ਮੌਕੇ ਹਿੰਦੂ ਸਹਿਕਾਰੀ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, 'ਆਪ' ਮਾਝਾ ਜ਼ੋਨ ਦੀ ਮਹਿਲਾ ਵਿੰਗ ਇੰਚਾਰਜ ਰੇਖਾ ਮਨੀ ਸ਼ਰਮਾ, ਲਾਇਨਜ਼ ਕਲੱਬ ਪਠਾਨਕੋਟ ਦੇ ਪ੍ਰਧਾਨ ਰੋਮੀ ਵਡੈਰਾ ਤੇ ਐਡਵੋਕੇਟ ਰਮੇਸ਼ ਚੌਧਰੀ ਸਮੇਤ ਕਈ ਪਤਵੰਤੇ ਹਾਜ਼ਰ ਸਨ | ਕੈਬਨਿਟ ਮੰਤਰੀ ਲਾਲ ਚੰਦ ਨੇ ਦੱਸਿਆ ਕਿ ਸ਼ੈਲੀ ਰੋਡ 'ਤੇ ਥਿੰਦ ਹਸਪਤਾਲ ਦੇ ਪਿੱਛੇ ਕਰੀਬ 45 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਪਾਰਕ ਬਣਾਇਆ ਜਾ ਰਿਹਾ ਹੈ | ਇਸ ਦੇ ਨਾਲ ਹੀ ਇਲਾਕੇ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨਾਲ ਇਲਾਕੇ ਦੀ ਸਾਫ਼-ਸਫ਼ਾਈ ਤੇ ਵਾਤਾਵਰਨ ਵਿਚ ਸੁਧਾਰ ਹੋਵੇਗਾ | ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਮੁੜ ਚਾਲੂ ਕਰਨਾ ਸਰਕਾਰ ਦੀ ਤਰਜ਼ੀਹ ਹੈ | ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਵਾਰਡ ਨੰਬਰ-23 ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਇਲਾਕੇ ਦਾ ਸਰਵਪੱਖੀ ਵਿਕਾਸ ਹੋਵੇਗਾ |