ਪਠਾਨਕੋਟ, 25 ਮਾਰਚ (ਆਸ਼ੀਸ਼ ਸ਼ਰਮਾ)- ਨਗਰ ਨਿਗਮ ਪਠਾਨਕੋਟ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ 31 ਮਾਰਚ ਤੱਕ ਜਮ੍ਹਾਂ ਕਰਵਾ ਦੇਣ | ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਵਿੱਤੀ ਸਾਲ ਖ਼ਤਮ ਹੋਣ ਵਿਚ ਕੁਝ ਹੀ ਦਿਨ ਬਾਕੀ ਹਨ, ਇਸ ਲਈ ਸਾਰੇ ਨਾਗਰਿਕ ਆਪਣੇ ਬਕਾਇਆ ਟੈਕਸ ਸਮੇਂ ਸਿਰ ਅਦਾ ਕਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੇ ਜੁਰਮਾਨੇ ਦਾ ਸਾਹਮਣਾ ਨਾ ਕਰਨਾ ਪਵੇ | ਨਗਰ ਨਿਗਮ ਦੇ ਸੁਪਰਡੈਂਟ ਪਵਨ ਕੁਮਾਰ ਨੇ ਦੱਸਿਆ ਕਿ ਇਸ ਵਾਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਟੈਕਸ ਸ਼ਾਖਾ ਸਨਿਚਰਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹੀ ਰਹੇਗੀ, ਜੋ ਕਿ ਆਮ ਤੌਰ 'ਤੇ ਛੁੱਟੀਆਂ ਵਾਲੇ ਦਿਨ ਹੁੰਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਆਸਾਨੀ ਨਾਲ ਆਪਣਾ ਟੈਕਸ ਜਮ੍ਹਾਂ ਕਰਵਾ ਸਕਣ | ਇਸ ਨਾਲ ਉਨ੍ਹਾਂ ਲੋਕਾਂ ਨੂੰ ਵੀ ਰਾਹਤ ਮਿਲੇਗੀ ਜੋ ਕੰਮਕਾਜੀ ਦਿਨਾਂ ਦੌਰਾਨ ਰੁੱਝੇ ਰਹਿੰਦੇ ਹਨ ਤੇ ਸਮਾਂ ਨਹੀਂ ਕੱਢ ਪਾਉਂਦੇ ਹਨ | ਪਵਨ ਕੁਮਾਰ ਨੇ ਇਹ ਵੀ ਕਿਹਾ ਕਿ ਨਗਰ ਨਿਗਮ ਨੇ ਹੁਣ ਤੱਕ ਆਪਣੇ ਨਿਰਧਾਰਿਤ ਟੀਚੇ ਦਾ 95 ਫੀਸਦੀ ਤੋਂ ਵੱਧ ਮਾਲੀਆ ਇਕੱਠਾ ਕਰ ਲਿਆ ਹੈ, ਜੋ ਕਿ ਸ਼ਲਾਘਾਯੋਗ ਪ੍ਰਾਪਤੀ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਬਾਕੀ ਰਹਿੰਦੇ ਦਿਨਾਂ ਵਿਚ ਵੀ ਲੋਕ ਪੂਰੇ ਉਤਸ਼ਾਹ ਨਾਲ ਸਹਿਯੋਗ ਦੇਣਗੇ ਤੇ ਨਿਗਮ ਆਪਣੇ ਟੀਚੇ ਨੂੰ ਪੂਰੀ ਤਰ੍ਹਾਂ ਹਾਸਲ ਕਰ ਲਵੇਗਾ | ਨਿਗਮ ਮੁਤਾਬਿਕ ਹੁਣ ਤੱਕ ਹਾਊਸ ਟੈਕਸ ਤੇ ਪ੍ਰਾਪਰਟੀ ਟੈਕਸ ਵਜੋਂ 6 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਹੋ ਚੁੱਕੀ ਹੈ | ਇਹ ਰਾਸ਼ੀ ਸ਼ਹਿਰ ਦੇ ਵਿਕਾਸ ਕਾਰਜਾਂ, ਸਫ਼ਾਈ ਵਿਵਸਥਾ, ਸੜਕਾਂ ਦੇ ਰੱਖ-ਰਖਾਅ ਤੇ ਹੋਰ ਬੁਨਿਆਦੀ ਸਹੂਲਤਾਂ 'ਤੇ ਖ਼ਰਚ ਕੀਤੀ ਜਾਵੇਗੀ |