ਪਠਾਨਕੋਟ, 25 ਮਾਰਚ (ਸੰਧੂ)- ਐਸੋਸੀਏਟ ਅਧਿਆਪਕ ਯੂਨੀਅਨ ਦਾ ਇਕ ਵਫ਼ਦ ਆਪਣੀਆਂ ਮੰਗਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮਿਲਿਆ ਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ | ਐਸੋਸੀਏਟ ਅਧਿਆਪਕ ਯੂਨੀਅਨ ਦੇ ਪ੍ਰਧਾਨ ਮੁਨੀਸ਼, ਉਪ ਪ੍ਰਧਾਨ ਸ਼ਾਮ ਲਾਲ ਤੇ ਜ਼ਿਲ੍ਹਾ ਖ਼ਜ਼ਾਨਚੀ ਅਜੇ ਕੁਮਾਰ ਨੇ ਦੱਸਿਆ ਕਿ ਉਹ ਸਿੱਖਿਆ ਵਿਭਾਗ ਵਿੱਚ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਹਨ ਪਰ ਅਜੇ ਤੱਕ ਵੀ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ | ਸਾਡੇ ਕੋਲੋਂ ਇਕ ਰੈਗੂਲਰ ਅਧਿਆਪਕਾਂ ਦੇ ਬਰਾਬਰ ਕੰਮ ਲਿਆ ਜਾਂਦਾ ਹੈ ਪਰ ਉਸ ਦੇ ਬਦਲੇ ਸਾਨੂੰ ਨਾ ਤਾਂ ਪੂਰੀ ਤਨਖ਼ਾਹ ਦਿੱਤੀ ਜਾਂਦੀ ਹੈ ਅਤੇ ਨਾ ਹੀ ਕੋਈ ਵਿੱਤੀ ਲਾਭ ਦਿੱਤਾ ਜਾਂਦਾ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੱਚੇ ਅਧਿਆਪਕਾਂ ਦੀ ਬੀ.ਐਲ.ਓ. ਵਜੋਂ ਡਿਊਟੀ ਲਗਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਪਹਿਲਾਂ ਸਾਨੂੰ ਰੈਗੂਲਰ ਅਧਿਆਪਕਾਂ ਦੇ ਸਾਰੇ ਵਿੱਤੀ ਲਾਭ ਅਤੇ ਪੂਰੀ ਤਨਖ਼ਾਹ ਦੇਵੇ | ਉਨ੍ਹਾਂ ਮੰਗ ਕੀਤੀ ਕਿ ਕਿ੍ਪਾ ਕਰਕੇ ਸਾਡੇ ਜ਼ਿਲੇ੍ਹ ਵਿਚ ਜਿੰਨੇ੍ਹ ਵੀ ਕੱਚੇ ਅਧਿਆਪਕ ਹਨ, ਉਨ੍ਹਾਂ ਦੀ ਬੀ.ਐਲ.ਓ. ਡਿਊਟੀ ਨਾ ਲਗਾਈ ਜਾਵੇ |