ਨਿੱਕੇ ਘੁੰਮਣ, 25 ਮਾਰਚ (ਸਤਬੀਰ ਸਿੰਘ ਘੁੰਮਣ)- ਸਰਕਾਰੀ ਸਕੂਲ ਪਿੰਡ ਕੈਲੇ ਕਲਾਂ ਵਿਖੇ ਮਿਆਦ ਪੁੱਗ ਕੇ ਸੁੱਕ ਚੁੱਕੇ ਵੱਡ ਅਕਾਰੀ ਦਰੱਖਤ ਕਿਸੇ ਵੇਲੇ ਵੀ ਵੱਡੇ ਹਾਦਸੇ ਨੂੰ ਜਨਮ ਦੇ ਸਕਦੇ ਹਨ | ਉਪਰੋਕਤ ਖਦਸਾ ਪਿੰਡ ਦੇ ਉੱਘੇ ਸਮਾਜ ਸੇਵੀ ਮਾਸਟਰ ਜਤਿੰਦਰਬੀਰ ਸਿੰਘ ਬਾਠ, ਸੁਬੇਦਾਰ ਸੁਖਵੰਤ ਸਿੰਘ ਤੇ ਯੂਥ ਆਗੂ ਗੁਰਪ੍ਰੀਤ ਸਿੰਘ ਬਾਠ ਨੇ ਪ੍ਰਗਟਾਇਆ | ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੇ ਮਿਡਲ ਸਕੂਲ ਦੇ ਕੰਪਲੈਕਸ ਦੇ ਬਿਲਕੁੱਲ ਸਾਹਮਣੇ ਜਿਥੇ ਸਕੂਲ ਸਟਾਫ ਤੇ ਵਿਦਿਆਰਥੀਆਂ ਦੀ ਆਵਾਜਾਈ ਆਮ ਰਹਿੰਦੀ ਹੈ ਉਥੇ ਕੁਝ ਦਰਖੱਤ ਪਿਛਲੇ ਕੁਝ ਸਾਲਾਂ ਤੋਂ ਬਿਲਕੱੁਲ ਸੁੱਕ ਚੁੱਕੇ ਹਨ ਤੇ ਜੜ੍ਹਾਂ ਸਮੇਤ ਤਨ ਤੋਂ ਖੋਖਲੇ ਹੋ ਚੁੱਕੇ ਹਨ | ਜਦੋਂ ਵੀ ਮੀਂਹ-ਹਨ੍ਹੇਰੀ ਆਉਂਦੀ ਹੈ ਤਾਂ ਉਨ੍ਹਾਂ ਦਰੱਖਤਾਂ ਦੇ ਸੁੱਕੇ ਟਾਹਣੇ ਟੁੱਟਦੇ ਹਨ | ਇਹ ਖੋਖਲੇ ਹੋਏ ਦਰਖੱਤ ਕਦੇ ਵੀ ਤਣ ਤੋਂ ਟੁੱਟ ਸਕਦੇ ਹਨ, ਜਿਸ ਨਾਲ ਸਕੂਲ ਅੰਦਰ ਜਾਨੀ-ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ | ਇਨ੍ਹਾਂ ਦਰਖੱਤਾਂ ਤੋਂ ਸਕੂਲ ਸਟਾਫ ਤੇ ਬੱਚਿਆਂ ਦੇ ਮਾਪੇ ਚਿੰਤਤ ਹਨ | ਉਨ੍ਹਾਂ ਸੰਬੰਧਿਤ ਵਿਭਾਗ, ਜ਼ਿਲ੍ਹਾ ਸਿੱਖਿਆ ਅਫ਼ਸਰ ਸਮੇਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਇਨ੍ਹਾਂ ਸੁੱਕੇ ਦਰਖਤਾਂ ਨੂੰ ਸਕੂਲ ਵਿਚੋਂ ਕਟਾ ਦਿੱਤਾ ਜਾਵੇ |