25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਦੋ ਦਿਨ ਪਏ ਮੀਂਹ ਨਾਲ ਸਰਹੱਦੀ ਪਿੰਡ ਦੀ 500 ਏਕੜ ਕਣਕ ਦੀ ਫ਼ਸਲ ਹੋਈ ਬਰਬਾਦ

ਅਜੀਤ ਡੈਸਕ 25-01-2026
ਬਮਿਆਲ, 24 ਜਨਵਰੀ (ਰਾਕੇਸ਼ ਸ਼ਰਮਾ)-ਜਿੱਥੇ ਕੁਝ ਮਹੀਨੇ ਪਹਿਲਾਂ ਪੰਜਾਬ 'ਚ ਹੜ੍ਹ ਦੀ ਸਥਿਤੀ ਬਣੀ ਸੀ ਅਤੇ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਸਨ, ਉੱਥੇ ਹੀ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਬਮਿਆਲ ਅਧੀਨ ਆਉਂਦੇ ਪਿੰਡ ਸਿੰਬਲ ਕੁੱਲੀਆਂ ਜੋ ਅੱਜ ਵੀ ਪਾਣੀ ਦੀ ਮਾਰ ਹੇਠ ਹੈ | ਦੋ ਦਿਨ ਪਹਿਲਾਂ ਪਏ ਮੀਂਹ ਕਾਰਨ ਇਸ ਪਿੰਡ 'ਚ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਨਾਲੇ ਵਿਚ ਪਾਣੀ ਦਾ ਵਹਾਅ ਵਧਣ ਕਰਕੇ ਲਗਪਗ 400 ਏਕੜ ਦੇ ਕਰੀਬ ਕਣਕ ਦੀ ਫ਼ਸਲ ਬਰਬਾਦ ਹੋਣ ਦੀ ਖ਼ਬਰ ਹੈ | ਵੈਸੇ ਤਾਂ ਇਹ ਪਿੰਡ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਇਕ ਨਾਲੇ ਦੇ ਪਾਣੀ ਦੇ ਵਹਾਅ ਕਾਰਨ ਪਿਛਲੇ ਲੰਬੇ ਸਮੇਂ ਤੋਂ ਪਾਣੀ ਨਾਲ ਘਿਰਿਆ ਰਹਿੰਦਾ ਹੈ ਅਤੇ ਵੈਟ ਲੈਂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਇਸ ਨਾਲੇ ਦਾ ਕੋਈ ਬੰਨ੍ਹ ਨਾ ਹੋਣ ਕਰਕੇ ਪਾਣੀ ਦਾ ਪੂਰਾ ਵਹਾਅ ਸਰਹੱਦ 'ਤੇ ਪੈਂਦੇ ਪਿੰਡ ਸਿੰਬਲ ਕੁੱਲੀਆਂ, ਦਲਵਾਲ ਦੋਸਤਪੁਰ, ਖੋਜਗੀ ਚੱਕ ਅਤੇ ਬਮਿਆਲ ਦੇ ਕੁੱਲ 500 ਏਕੜ ਦੇ ਕਰੀਬ ਉਪਜਾਊ ਰਕਬੇ ਵੱਲ ਹੋ ਜਾਂਦਾ ਹੈ ਅਤੇ ਫ਼ਸਲ ਨੂੰ ਬਰਬਾਦ ਕਰ ਦਿੰਦਾ ਹੈ | ਪਿਛਲੇ ਕਈ ਸਾਲਾ ਤੋਂ ਇਨ੍ਹਾਂ ਪਿੰਡਾਂ ਦੇ ਲੋਕਾਂ ਵਲੋਂ ਹਰ ਮੌਜੂਦਾ ਸਰਕਾਰ ਨੂੰ ਇਸ ਨਾਲੇ ਦੀ ਸਫ਼ਾਈ ਕਰਵਾਉਣ ਅਤੇ ਇਸ ਨਾਲੇ ਦੇ ਬੰਨ੍ਹ ਨੂੰ ਪੱਕਾ ਕਰਨ ਦੀ ਅਪੀਲ ਕੀਤੀ ਜਾਂਦੀ ਰਹੀ ਹੈ | ਪਰ ਕਿਸੇ ਵੀ ਸਰਕਾਰ ਵਲੋਂ ਇਨ੍ਹਾਂ ਲੋਕਾਂ ਦੀ ਅਪੀਲ ਨਹੀਂ ਸੁਣੀ ਗਈ | ਜਿਸ ਕਰਕੇ ਬਰਸਾਤ ਵਿਚ ਤਾਂ ਇਨ੍ਹਾਂ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੀ ਹੈ | ਪਰ ਸਰਦੀਆਂ ਵਿਚ ਹੋਣ ਵਾਲੀ ਕਣਕ ਦੀ ਫ਼ਸਲ ਨੂੰ ਵੀ ਇਸ ਪਾਣੀ ਦਾ ਗ੍ਰਹਿਣ ਹਰ ਸਾਲ ਲੱਗਦਾ ਹੈ | ਦੋ ਦਿਨ ਪਹਿਲਾਂ ਹੋਈ ਬਰਸਾਤ ਕਾਰਨ ਅੱਜ ਇਸ ਪਿੰਡ ਦੀ ਜ਼ਮੀਨ ਵਿਚ ਹਾਲਾਤ ਇਹ ਹਨ ਕਿ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਸੀ ਅਤੇ ਪਿੰਡ ਦੇ ਲੋਕ ਕਹੀਆਂ ਲੈ ਕੇ ਇਸ ਪਾਣੀ ਨੂੰ ਬੰਨ੍ਹਣ ਦੀ ਕੋਸ਼ਿਸ਼ ਸਵੇਰੇ 5 ਵਜੇ ਤੋਂ ਕਰ ਰਹੇ ਸਨ | ਲੋਕਾਂ ਵਲੋਂ ਆਪਣਾ ਦੁੱਖ ਦੱਸਦੇ ਹੋਏ ਸੁਰੇਸ਼ ਕੁਮਾਰ ਨੰਬਰਦਾਰ, ਅਸ਼ਵਨੀ ਕੁਮਾਰ, ਕਰਤਾਰ ਸਿੰਘ, ਰਕੇਸ਼ ਸ਼ਰਮਾ, ਵਿਜੇ ਕੁਮਾਰ, ਮਨੋਹਰ ਲਾਲ, ਰਣਜੋਧ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਡੀ ਉਪਜਾਊ ਜ਼ਮੀਨ, ਜਿਸ 'ਤੇ ਉਹ ਨਿਰਭਰ ਹਨ, ਹਰ ਵੇਲੇ ਪਾਣੀ ਨਾਲ ਭਰੀ ਰਹਿਣ ਕਰਕੇ ਕੋਈ ਵੀ ਫ਼ਸਲ ਇਸ ਜਗ੍ਹਾ 'ਤੇ ਹੋਣੀ ਨਾ ਮੁਮਕਿਨ ਹੈ | ਉਨ੍ਹਾਂ ਕਿਹਾ ਕਿ ਹੁਣ ਹੋਈ ਬਰਸਾਤ ਕਾਰਨ ਇਕ ਰਾਤ ਵਿਚ ਸਿਰਫ਼ ਸਿੰਬਲ ਕੁਲੀਆਂ ਦਾ 150 ਏਕੜ ਦੇ ਕਰੀਬ ਰਕਬਾ ਜਿਸ ਵਿਚ ਕਣਕ ਦੀ ਫ਼ਸਲ ਪਾਣੀ ਵਿਚ ਡੁੱਬਣ ਕਰਕੇ ਬਰਬਾਦ ਹੋ ਗਈ | ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਨਾਲ ਹੋਰ ਪਿੰਡ ਦਨਵਾਲ, ਦੋਸਤਪੁਰ, ਖੋਜਗੀ ਚੱਕ ਅਤੇ ਬਮਿਆਲ ਦਾ 500 ਏਕੜ ਦੇ ਕਰੀਬ ਰਕਬਾ ਵੀ ਇਸ ਪਾਣੀ ਦੀ ਮਾਰ ਹੇਠ ਆ ਜਾਂਦਾ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਨਾਲੇ ਦੇ ਪਾਣੀ ਨੂੰ ਬੰਨਿ੍ਹਆ ਜਾਵੇ ਜਾਂ ਫਿਰ ਨਾਲੇ ਦੀ ਸਫ਼ਾਈ ਕਰਵਾਈ ਜਾਵੇ ਤਾਂ ਕਿ ਇਸ ਨਾਲੇ ਦਾ ਨਿਕਾਸ ਦਰਿਆ 'ਚ ਪੈ ਸਕੇ ਅਤੇ ਸਾਡੀਆਂ ਫਸਲਾਂ ਬਚ ਸਕਣ |
ਪਿਛਲੀ ਖ਼ਬਰ ਤਾਰਾਗੜ੍ਹ ਪੁਲਿਸ ਨੇ ਵਾਹਨਾਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਨਵਾਂ ਮੀਲ ਪੱਥਰ ਸਾਬਤ ਹੋਵੇਗੀ-ਚੇਅਰਮੈਨ ਸੌਰਭ ਬਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।