ਬਟਾਲਾ, 20 ਜਨਵਰੀ (ਸਤਿੰਦਰ ਸਿੰਘ)-ਬੀਤੇ ਦਿਨੀਂ ਡਿਵਾਇਨ ਵਿਲ ਪਬਲਿਕ ਸਕੂਲ ਬਟਾਲਾ 'ਚ ਬਾਂਸਲ ਕਲਾਸਿਜ਼ ਵਲੋਂ 9ਵੀਂ-10ਵੀਂ ਦੇ ਵਿਦਿਆਰਥੀਆਂ ਲਈ ਵਿਸ਼ਾ-ਰੁਚੀ ਪਰਖ ਟੈਸਟ ਲਿਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਸਾਰੇ ਵਿਦਿਆਰਥੀਆਂ ਨੇ ਆਪਣੇ ਬੌਧਿਕ ਦਾ ਬੜੇ ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤਾ | ਬਾਂਸਲ ਕਲਾਸਿਜ਼ ਵਲੋਂ ਇਹ ਪ੍ਰੀਖਿਆ ਮੈਡੀਕਲ, ਨਾਨ-ਮੈਡੀਕਲ ਤੇ ਕਾਮਰਸ ਵਿਸ਼ਿਆਂ ਨਾਲ ਸਬੰਧਤ ਲਈ ਗਈ | ਇਸ ਪ੍ਰੀਖਿਆ ਦੇ ਕੁੱਲ 50 ਸਵਾਲ ਸਨ | ਸਾਰੇ ਸਵਾਲ ਬਹੁ ਵਿਕਲਪੀ ਸਨ | ਇਹ ਟੈਸਟ ਵਿਦਿਆਰਥੀਆਂ ਦੀ ਯੋਗਤਾ, ਰੁਝਾਨ ਤੇ ਭਵਿੱਖੀ ਕਰੀਅਰ ਸੰਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਤਿਆਰ ਕੀਤਾ ਗਿਆ ਸੀ | ਪ੍ਰੀਖਿਆ ਵਿਚ ਵੱਖ-ਵੱਖ ਸਕੂਲਾਂ ਦੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਭਾਗ ਲਿਆ | ਬਾਂਸਲ ਕਲਾਸਿਜ਼ ਵਲੋਂ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਬੱਚਿਆਂ ਨੇ ਟੈਸਟ ਵਿਚੋਂ ਏ+ ਗਰੇਡ ਹਾਸਲ ਕੀਤਾ, ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਕੁਲਬੀਰ ਕੌਰ ਨੇ ਬਾਂਸਲ ਕਲਾਸਿਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਕਦਮ ਹੈ |