ਸੂਆ ਟੁੱਟਣ ਨਾਲ ਕਰੀਬ ਬਾਰਾਂ ਏਕੜ ਝੋਨੇ ਦੀ ਫ਼ਸਲ ਹੋਈ ਖ਼ਰਾਬ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
ਜਖਵਾਲੀ, 26 ਅਕਤੂਬਰ (ਨਿਰਭੈ ਸਿੰਘ)-ਬਲਾਕ ਸਰਹਿੰਦ ਅਧੀਨ ਪੈਂਦੇ ਪਿੰਡ ਨਲੀਨਾ ਖ਼ੁਰਦ ਵਿਖੇ ਸਿੰਚਾਈ ਵਿਭਾਗ ਵਲੋਂ ਕਰੀਬ ਛੇ ਮਹੀਨੇ ਪਹਿਲਾਂ ਬਣਾਇਆ ਇਕ ਸੂਆ ਟੁੱਟਣ ਕਰਕੇ ਨਾਲ ਲੱਗਦੇ ਕਰੀਬ ਸਾਢੇ ਬਾਰਾਂ ਏਕੜ ਝੋਨੇ ਦੇ ਖੇਤਾਂ ਵਿਚ ਪਾਣੀ ਭਰਨ ਨਾਲ ਪੱਕੀ ਫ਼ਸਲ ਖ਼ਰਾਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਭਾਵੇਂ ਕਿ ਸੰਬੰਧਿਤ ਮਹਿਕਮੇ ਵਲੋਂ ਉਕਤ ਪਾੜ ਨੂੰ ਤੁਰੰਤ ਠੀਕ ਕਰ ਦਿੱਤਾ ਗਿਆ, ਪਰ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਕੌਣ ਦੇਵੇਗਾ ? , ਇਹ ਇਕ ਵੱਡਾ ਸਵਾਲ ਹੈ।
ਜਖਵਾਲੀ, 26 ਅਕਤੂਬਰ (ਨਿਰਭੈ ਸਿੰਘ)-ਬਲਾਕ ਸਰਹਿੰਦ ਅਧੀਨ ਪੈਂਦੇ ਪਿੰਡ ਨਲੀਨਾ ਖ਼ੁਰਦ ਵਿਖੇ ਸਿੰਚਾਈ ਵਿਭਾਗ ਵਲੋਂ ਕਰੀਬ ਛੇ ਮਹੀਨੇ ਪਹਿਲਾਂ ਬਣਾਇਆ ਇਕ ਸੂਆ ਟੁੱਟਣ ਕਰਕੇ ਨਾਲ ਲੱਗਦੇ ਕਰੀਬ ਸਾਢੇ ਬਾਰਾਂ ਏਕੜ ਝੋਨੇ ਦੇ ਖੇਤਾਂ ਵਿਚ ਪਾਣੀ ਭਰਨ ਨਾਲ ਪੱਕੀ ਫ਼ਸਲ ਖ਼ਰਾਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਭਾਵੇਂ ਕਿ ਸੰਬੰਧਿਤ ਮਹਿਕਮੇ ਵਲੋਂ ਉਕਤ ਪਾੜ ਨੂੰ ਤੁਰੰਤ ਠੀਕ ਕਰ ਦਿੱਤਾ ਗਿਆ, ਪਰ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਕੌਣ ਦੇਵੇਗਾ ?, ਇਹ ਇਕ ਵੱਡਾ ਸਵਾਲ ਹੈ। ਜਿਨ੍ਹਾਂ ਵਿਚ ਕਿਸਾਨ ਮਨਦੀਪ ਸਿੰਘ ਦੀ ਕਰੀਬ ਡੇਢ ਏਕੜ, ਗੁਰਵਿੰਦਰ ਸਿੰਘ ਦੀ ਢਾਈ ਏਕੜ, ਅਜੈਬ ਸਿੰਘ ਦੀ ਦੋ ਏਕੜ ਤੇ ਅੰਮ੍ਰਿਤ ਪਾਲ ਸਿੰਘ ਦੀ ਚਾਰ ਏਕੜ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਾਂਗਰਸੀ ਨੇਤਾ ਮਨਜੀਤ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਚਤਰ ਸਿੰਘ ਤੇ ਪੀੜਤ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚੋਂ ਨਿਕਲਦਾ ਸੂਆ ਟੁੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਕਿਸਾਨ ਨੇ ਅੱਜ ਹੀ ਆਪਣੀ ਝੋਨੇ ਦੀ ਫ਼ਸਲ ਦੀ ਕਟਾਈ ਕਰਨੀ ਸੀ, ਪਰ ਇਸ ਘਟਨਾ ਕਾਰਨ ਉਸ ਦੀ ਮਿਹਨਤ ’ਤੇ ਪਾਣੀ ਫਿਰ ਗਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੁਕਸਾਨ ਦੀ ਭਰਪਾਈ ਸਬੰਧੀ ਮੁਆਵਜ਼ਾ ਦੇਣ ਦੇ ਨਾਲ-ਨਾਲ ਕਰੀਬ ਛੇ ਮਹੀਨੇ ਪਹਿਲਾਂ ਨਵੇਂ ਬਣੇ ਸੂਏ ਦਾ ਇੰਨੀ ਜਲਦੀ ਟੁੱਟ ਜਾਣ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ , ਇਸ ਦੇ ਨਾਲ ਹੀ ਸੰਬੰਧਿਤ ਠੇਕੇਦਾਰ ਵਲੋਂ ਵਰਤੇ ਗਏ ਮਟੀਰੀਅਲ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸ ਸਬੰਧੀ ਕਾਰਜਕਾਰੀ ਇੰਜੀਨੀਅਰ, ਜਲ ਸਰੋਤ ਵਿਭਾਗ ਫ਼ਤਹਿਗੜ੍ਹ ਸਾਹਿਬ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਵਿਭਾਗ ਦੇ ਫੀਲਡ ਸਟਾਫ ਵਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਫਾਲ ਵਿਚ ਫਸੀ ਪਰਾਲੀ ਨੂੰ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਨਹਿਰੀ ਪਾਣੀ ਨੂੰ ਨੇੜਲੇ ਖੇਤਾਂ ਵਿਚ ਦਾਖਲ ਹੋਣ ਤੋਂ ਰੋਕਣ ਲਈ ਲੋੜੀਂਦੀ ਕਾਰਵਾਈ ਕੀਤੀ ਗਈ, ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।