ਫ਼ਤਹਿਗੜ੍ਹ ਸਾਹਿਬ, 11 ਅਗਸਤ (ਮਨਪ੍ਰੀਤ ਸਿੰਘ)-ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਸਿੰਘ ਧਾਲੀਵਾਲ ਦੀ ਮੌਜੂਦਗੀ ਵਿਚ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨੈਸ਼ਨਲ ਫੂਡ ਸਕਿਓਰਟੀ ਐਕਟ ਨੂੰ ਇੰਨ ਬਿੰਨ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਖ਼ੁਰਾਕ ਸੁਰੱਖਿਆ ਸਕੀਮਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇ। ਮੈਂਬਰ ਜਸਵੀਰ ਸਿੰਘ ਸੇਖੋਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਾਸ਼ਨ ਕਾਰਡਾਂ ਨਾਲ ਸਬੰਧਿਤ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਯੋਗ ਪਰਿਵਾਰਾਂ ਨੂੰ ਸਕੀਮਾਂ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਖ਼ੁਰਾਕ ਸੁਰੱਖਿਆ ਕਾਨੂੰਨ ਤਹਿਤ ਹਰ ਹੱਕਦਾਰ ਵਿਅਕਤੀ ਨੂੰ ਉਸ ਦਾ ਬਣਦਾ ਲਾਭ ਮਿਲੇ। ਇਸ ਉਪਰੰਤ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵਲੋਂ ਨੈਸ਼ਨਲ ਫੂਡ ਸਕਿਉਰਿਟੀ ਐਕਟ, 2013 ਦੀ ਪ੍ਰਭਾਵਸ਼ਾਲੀ ਲਾਗੂ ਹੋਣ ਦਾ ਜਾਇਜ਼ਾ ਲੈਣ ਲਈ ਸਰਹਿੰਦ ਵਿਖੇ ਰਾਸ਼ਨ ਡਿਪੂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਡਿਪੂ ਵਿਖੇ ਉਪਲਬਧ ਅਨਾਜ ਦੀ ਗੁਣਵੱਤਾ, ਭਾਰ ਅਤੇ ਨਮੀ ਦੀ ਮਾਤਰਾ ਦੀ ਤਕਨੀਕੀ ਜਾਂਚ ਕੀਤੀ ਗਈ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਸ਼ਨ ਡਿਪੂਆਂ ਨੂੰ ਸਪਲਾਈ ਕੀਤੇ ਜਾਣ ਵਾਲੇ ਅਨਾਜ ਦੀ ਵੰਡ ਤੋਂ ਪਹਿਲਾਂ ਭਾਰ, ਨਮੀ ਅਤੇ ਗੁਣਵੱਤਾ ਦੀ ਨਿਯਮਿਤ ਜਾਂਚ ਯਕੀਨੀ ਬਣਾਈ ਜਾਵੇ ਅਤੇ ਲਾਭਪਾਤਰੀਆਂ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਮਿਆਰੀ ਅਨਾਜ ਹੀ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਰਾਸ਼ਨ ਡਿਪੂ ਵਿਖੇ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ ਤੇ ਈ-ਮੇਲ ਸਮੇਤ ਲੋੜੀਂਦੀ ਜਾਣਕਾਰੀ ਪ੍ਰਮੁੱਖ ਸਥਾਨ ’ਤੇ ਪ੍ਰਦਰਸ਼ਿਤ ਕੀਤੀ ਜਾਵੇ, ਤਾਂ ਜੋ ਆਮ ਲੋਕ ਆਪਣੀ ਸ਼ਿਕਾਇਤ ਜਾਂ ਸੁਝਾਅ ਆਸਾਨੀ ਨਾਲ ਦਰਜ ਕਰਵਾ ਸਕਣ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲੇ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਅਤੇ ਆਂਗਣਵਾੜੀ ਸੈਂਟਰ ਪਿੰਡ ਸੰਗਤਪੁਰ ਸੋਢੀਆਂ ਦਾ ਅਚਨਚੇਤ ਦੌਰਾ ਕਰਕੇ ਬੱਚਿਆਂ ਨੂੰ ਮਿਲਣ ਵਾਲੇ ਮਿਡ-ਡੇ-ਮੀਲ ਦੇ ਖਾਣੇ ਦੀ ਗੁਣਵੱਤਾ ਪੀਣ ਵਾਲੇ ਪਾਣੀ, ਸਾਫ਼ ਸਫ਼ਾਈ ਆਦਿ ਦਾ ਜਾਇਜ਼ਾ ਲਿਆ। ਉਨ੍ਹਾਂ ਸਕੂਲ ਮੁਖੀ ਨੂੰ ਕਿਹਾ ਕਿ ਉਹ ਸਕੂਲ ਵਿਚ ਕਿਚਨ ਗਾਰਡਨ ਬਣਾਉਣ ਤਾਂ ਜੋ ਮਿਡ-ਡੇ-ਮੀਲ ਵਿਚ ਵਿਚ ਬੱਚਿਆਂ ਨੂੰ ਤਾਜ਼ੀਆਂ ਸਬਜ਼ੀਆਂ ਬਣਾ ਕੇ ਦਿੱਤੀਆਂ ਜਾ ਸਕਣ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ, ਖ਼ੁਰਾਕ ਸਪਲਾਈ ਅਫ਼ਸਰ ਕੇਵਲ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਜਸਵੀਰ ਸਿੰਘ ਸੇਖੋਂ ਨੇ ਰਾਸ਼ਨ ਡਿਪੂ, ਸਕੂਲ ਤੇ ਆਂਗਣਵਾੜੀ ਸੈਂਟਰ ਦਾ ਕੀਤਾ ਅਚਨਚੇਤ ਨਿਰੀਖਣ
ਫ਼ਤਹਿਗੜ੍ਹ ਸਾਹਿਬ, 11 ਅਗਸਤ (ਮਨਪ੍ਰੀਤ ਸਿੰਘ)-ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਸਿੰਘ ਧਾਲੀਵਾਲ ਦੀ ਮੌਜੂਦਗੀ ਵਿਚ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨੈਸ਼ਨਲ ਫੂਡ ਸਕਿਓਰਟੀ ਐਕਟ ਨੂੰ ਇੰਨ ਬਿੰਨ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਖ਼ੁਰਾਕ ਸੁਰੱਖਿਆ ਸਕੀਮਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇ।
ਪੰਜਾਬ ਰਾਜ ਖ਼ੁਰਾਕ ਸਪਲਾਈ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ
12-08-2026