09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮੰਡੀ ਗੋਬਿੰਦਗੜ੍ਹ ਦੀ ਟ੍ਰੈਫ਼ਿਕ ਹੱਲ ਲਈ ਸਮਾਜ ਸੇਵਕਾਂ ਨੂੰ ਟ੍ਰੈਫ਼ਿਕ ਮਾਰਸ਼ਲ ਬਣਾਇਆ ਜਾਵੇਗਾ-ਇੰਚਾਰਜ

ਅਜੀਤ ਡੈਸਕ 23-07-2026
ਮੰਡੀ ਗੋਬਿੰਦਗੜ੍ਹ, 22 ਜੁਲਾਈ (ਇਕਬਾਲਦੀਪ ਸੰਧੂ)-ਲੋਹਾ ਨਗਰੀ ਦੀ ਦਿਨੋਂ ਦਿਨ ਵਿਕਰਾਲ ਹੁੰਦੀ ਟ੍ਰੈਫ਼ਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਨਗਰ ਕੌਂਸਲ ਤੇ ਟ੍ਰੈਫ਼ਿਕ ਪੁਲਿਸ ਵਲੋਂ ਹੁਣ ਸਾਂਝੇ ਰੂਪ ਵਿਚ ਇਕ ਮੁਹਿੰਮ ਚਲਾਈ ਜਾ ਰਹੀ ਹੈ। ਟ੍ਰੈਫ਼ਿਕ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਵਿਚ ਕੌਂਸਲ ਪ੍ਰਧਾਨ ਹਰਪ੍ਰੀਤ ਪ੍ਰਿੰਸ ਅਤੇ ਟ੍ਰੈਫ਼ਿਕ ਪੁਲਿਸ ਇੰਚਾਰਜ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਕੌਂਸਲ ਪ੍ਰਧਾਨ ਨੇ ਸ਼ਹਿਰ ਵਾਸੀਆਂ ਦੀਆਂ ਆ ਰਹੀਆਂ ਸ਼ਿਕਾਇਤਾਂ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਲੱਗਦੇ ਜਾਮ, ਗ਼ਲਤ ਪਾਰਕਿੰਗ, ਬਾਜ਼ਾਰਾਂ ਵਿਚ ਵਧਦੀ ਅਵਿਵਸਥਾ ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਵਰਗੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿਚ ਇਹ ਸੁਝਾਅ ਸਾਹਮਣੇ ਆਇਆ ਕਿ ਸ਼ਹਿਰ ਦੇ ਸਮਾਜਸੇਵੀ ਨੌਜਵਾਨਾਂ, ਵਪਾਰੀਆਂ, ਰਿਟਾਇਰਡ ਕਰਮਚਾਰੀਆਂ ਅਤੇ ਹੋਰ ਜ਼ਿੰਮੇਵਾਰ ਨਾਗਰਿਕਾਂ ਨੂੰ ਜੋੜ ਕੇ ਟ੍ਰੈਫ਼ਿਕ ਮਾਰਸ਼ਲ ਵਜੋਂ ਤਿਆਰ ਕੀਤਾ ਜਾਵੇ, ਜੋ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਬਿਨਾਂ ਕਿਸੇ ਮਾਨਦੇਹ ਦੇ ਟ੍ਰੈਫ਼ਿਕ ਪੁਲਿਸ ਦੀ ਸਹਾਇਤਾ ਕਰਨ। ਇਹ ਮਾਰਸ਼ਲ ਸਕੂਲਾਂ, ਬਾਜ਼ਾਰਾਂ ਅਤੇ ਭੀੜ-ਭਾੜ ਵਾਲੇ ਚੌਰਾਹਿਆਂ ’ਤੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨਗੇ ਅਤੇ ਟ੍ਰੈਫ਼ਿਕ ਨੂੰ ਸੁਚਾਰੂ ਬਣਾਉਣ ਵਿਚ ਸਹਿਯੋਗ ਦੇਣਗੇ। ਮੀਟਿੰਗ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਗ਼ਲਤ ਪਾਰਕਿੰਗ ਕੀਤੇ ਜਾਂਦੇ ਭਾਰੀ ਟਰੱਕਾਂ ਨੂੰ ਗੰਭੀਰ ਸਮੱਸਿਆ ਦੱਸਿਆ ਗਿਆ। ਇਸ ਲਈ ਅਜਿਹੇ ਵਾਹਨਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਨਿਰਧਾਰਿਤ ਪਾਰਕਿੰਗ ਥਾਵਾਂ ਦੀ ਵਰਤੋਂ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਸ਼ਹਿਰ ਵਿਚ ਅਮਨ-ਕਾਨੂੰਨ ਅਤੇ ਟ੍ਰੈਫ਼ਿਕ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਅਤੇ ਨਗਰ ਕੌਂਸਲ ਮਿਲ ਕੇ ਸਾਂਝੀ ਕਾਰਵਾਈ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ, ਗ਼ਲਤ ਪਾਰਕਿੰਗ ਤੋਂ ਬਚਣ ਅਤੇ ਪ੍ਰਸ਼ਾਸਨ ਦਾ ਸਾਥ ਦੇਣ।
ਪਿਛਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ 39ਵਾਂ ਖ਼ੂਨਦਾਨ ਕੈਂਪ 7 ਨੂੰ ਅਗਲੀ ਖ਼ਬਰ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਵਿਸ਼ਾਲ ਤ੍ਰਿਸ਼ੂਲ ਮਾਰਚ ਕੱਲ੍ਹ : ਪਵਨ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।