17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

‘ਆਪ’ ਆਗੂ ਵਲੋਂ ਘਪਲਿਆਂ ਦੇ ਕੀਤੇ ਜਾ ਰਹੇ ਖ਼ੁਲਾਸਿਆਂ ਕਾਰਨ ਅਫ਼ਸਰਸ਼ਾਹੀ ਘਿਰੀ

ਅਜੀਤ ਡੈਸਕ 25-06-2026
ਸੰਘੋਲ, 24 ਜੂਨ (ਪਰਮਵੀਰ ਸਿੰਘ ਧਨੋਆ)-ਆਮ ਆਦਮੀ ਪਾਰਟੀ ਆਗੂ ਗੁਰਪ੍ਰੀਤ ਸਿੰਘ ਗੋਪੀ ਪੋਹਲੋਮਾਜਰਾ ਵਲੋਂ ਪੰਚਾਇਤ ਵਿਭਾਗ ਵਲੋਂ ਕੀਤੇ ਗਏ ਕਥਿਤ ਘਪਲਿਆਂ ਦੇ ਖ਼ੁਲਾਸੇ ਕਾਰਨ ਮੁਲਾਜ਼ਮਾਂ ਤੇ ਅਫ਼ਸਰਾਂ ਦੀ ਕਾਰਜਪ੍ਰਣਾਲੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਬੀਤੇ ਦਿਨੀਂ ਗੋਪੀ ਵਲੋਂ ਸੋਸ਼ਲ ਮੀਡੀਆ ’ਤੇ ਕਸਬਾ ਸੰਘੋਲ ’ਚ ਬਣੀ ਲਾਇਬ੍ਰੇਰੀ ਦੇ ਨਿਰਮਾਣ ਕਾਰਜ ’ਚ ਬੇਨਿਯਮੀਆਂ ਦੇ ਕੀਤੇ ਗਏ ਖ਼ੁਲਾਸੇ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਹੈ। ਤਾਜ਼ਾ ਮਾਮਲੇ ’ਚ ਗੋਪੀ ਨੇ ਬਲਾਕ ਖਮਾਣੋਂ ਦੇ ਕੁਝ ਪਿੰਡਾਂ ਨੂੰ ਕੇਂਦਰ ਸਰਕਾਰ ਦੀ ਸਕੀਮ ਤਹਿਤ ਦਿੱਤੀਆਂ ਗਈਆਂ ਪਾਣੀ ਦੀਆਂ ਟੈਂਕੀਆਂ ਦਾ ਮਸਲਾ ਚੁੱਕਿਆ ਹੈ। ਗੋਪੀ ਨੇ ਸਵਾਲ ਉਠਾਇਆ ਹੈ ਕਿ ਬਲਾਕ ’ਚ ਹੋਣ ਵਾਲੇ ਪਿੰਡਾਂ ਦੇ ਕਾਰਜਾਂ ਲਈ ਪਾਤੜਾਂ ਦੀ ਫ਼ਰਮ ਤੋਂ ਹੀ ਕਿਉਂ ਸਪਲਾਈ ਲਈ ਜਾ ਰਹੀ ਹੈ। ਦਾਅਵਾ ਕੀਤਾ ਹੈ ਕਿ ਕਥਿਤ ਮਿਲੀਭੁਗਤ ਨਾਲ ਸਰਕਾਰੀ ਪੈਸੇ ਦੀ ਲੁੱਟ ਕੀਤੀ ਜਾ ਰਹੀ ਹੈ। ਗੋਪੀ ਨੇ ਕਿਹਾ ਕਿ ਪਿੰਡਾਂ ਨੂੰ ਦਿੱਤੇ ਗਏ ਪਾਣੀ ਵਾਲੇ ਟੈਂਕਰਾਂ ਦੀ ਸਮਰੱਥਾ 5 ਹਾਜ਼ਰ ਲੀਟਰ ਅਤੇ ਕੀਮਤ ਲਗਪਗ 3 ਲੱਖ ਪਾਈ ਗਈ ਹੈ। ਗੋਪੀ ਅਨੁਸਾਰ ਟੈਂਕਰ ਮਹਿਜ਼ 2-3 ਹਜ਼ਾਰ ਲੀਟਰ ਸਮਰੱਥਾ ਦੇ ਹੀ ਹਨ। ਅਜਿਹੇ ’ਚ ਇਨ੍ਹਾਂ ਦੀ ਕੀਮਤ ਬਹੁਤ ਘੱਟ ਬਣਦੀ ਹੈ। ਦੂਜੇ ਪਾਸੇ ਜੇਕਰ ਇਹ 5 ਹਾਜ਼ਰ ਲੀਟਰ ਦੇ ਵੀ ਹਨ ਤਾਂ ਵੀ ਮਾਰਕੀਟ ਰੇਟ ਨਾਲੋਂ ਬਿੱਲ ਬਹੁਤ ਵੱਧ ਕੀਮਤ ਦੇ ਪਾਏ ਗਏ ਹਨ। ਗੋਪੀ ਨੇ ਪਾਣੀ ਦੇ ਟੈਂਕਰਾਂ ਦੀ ਕਵਾਲਿਟੀ ’ਤੇ ਵੀ ਸਵਾਲ ਚੁੱਕਦਿਆਂ ਮੈਟੀਰੀਅਲ ਨੂੰ ਘਟੀਆ ਕਵਾਲਿਟੀ ਦਾ ਦੱਸਿਆ ਹੈ। ਕਿਹਾ ਕਿ ਬਲਾਕ ਖਮਾਣੋਂ ਸਬੰਧਿਤ ਵਿਭਾਗ ਦੀ ਲੁੱਟ ਦਾ ਕੇਂਦਰ ਬਣਿਆ ਹੋਇਆ ਹੈ। ਗੋਪੀ ਦਾਅਵਾ ਕੀਤਾ ਕਿ ਪਾਣੀ ਵਾਲੇ ਟੈਂਕਰ ਦੇ ਖੰਨੇ ਦੀ ਫ਼ਰਮ ਦੇ ਬਿੱਲ ਦੀ ਜਦੋਂ ਉਨ੍ਹਾਂ ਆਪਣੇ ਪੱਧਰ ’ਤੇ ਜਾਂਚ ਕੀਤੀ ਤਾਂ ਦੱਸੇ ਗਏ ਪਤੇ ਉੱਤੇ ਫ਼ਰਮ ਨਹੀਂ ਮਿਲੀ। ਉਕਤ ਮਸਲਿਆਂ ਵਿਚ ਇਕ ਪੰਚਾਇਤ ਸਕੱਤਰ ਦਾ ਨਾਂ ਵੀ ਕਾਫ਼ੀ ਚਰਚਾ ਵਿਚ ਆ ਗਿਆ ਹੈ। ਦਾਅਵਾ ਕੀਤਾ ਗਿਆ ਕਿ ਟੈਂਕਰਾਂ ਦਾ ਮੁੱਲ ਲਗਪਗ ਡੇਢ ਲੱਖ ਰੁਪਏ ਵੱਧ ਦਿਖਾਇਆ ਗਿਆ ਹੈ। ਉਕਤ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਦੀ ਗੱਲ ਵੀ ਗੱਲ ਕਰਦਿਆਂ ਕਿਹਾ ਗਿਆ ਹੈ ਕਿ ਹਰ ਹਫ਼ਤੇ ਸਬੰਧਿਤ ਵਿਭਾਗ ਦੇ ਹੋਰ ਘਪਲੇ ਵੀ ਜੱਗ ਜ਼ਾਹਿਰ ਕੀਤੇ ਜਾਣਗੇ। ਵਰਤਾਰੇ ਨੇ ਸੂਬਾ ਸਰਕਾਰ ਦੇ ਭ੍ਰਿਸ਼ਟਾਚਾਰ ਮੁਕਤ ਪ੍ਰਬੰਧ ਦੇਣ ਦੇ ਦਾਅਵਿਆਂ ਦੀ ਫ਼ੂਕ ਕੱਢ ਦਿੱਤੀ ਹੈ।
ਲੋਕਾਂ ਦੇ ਸਵਾਲਾਂ ਦਾ ਕੌਣ ਦੇਵੇਗਾ ਜਵਾਬ
ਕਥਿਤ ਘਪਲਿਆਂ ਦੇ ਉਜਾਗਰ ਹੋਣ ਦੇ ਮਾਮਲਿਆਂ ’ਚ ਖੇਤਰ ਵਾਸੀ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ‘ਆਪ’ ਆਗੂ ਪਾਰਟੀ ਪਲੇਟਫ਼ਾਰਮ ’ਤੇ ਗੱਲ ਕਰਨ ਜਾਂ ਕਾਰਵਾਈ ਕਰਨ ਦੀ ਥਾਂ ਲੋਕਾਂ ਵਿਚ ਕਿਉਂ ਭੰਡਿਆ ਜਾ ਰਿਹਾ ਹੈ। ਵਰਤਾਰੇ ਤੋਂ ਇੰਞ ਜਾਪਦਾ ਹੈ ਕਿ ਪਾਰਟੀ ਫੋਰਮ ’ਤੇ ਸੁਣਵਾਈ ਨਹੀਂ ਹੋ ਰਹੀ ਹੈ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕੀ ‘ਆਪ’ ਪਾਰਟੀ ਦੇ ਰਾਜ ਵਿਚ ਅਫ਼ਸਰਸ਼ਾਹੀ ਬੇਲਗ਼ਾਮ ਹੋ ਚੁੱਕੀ ਹੈ। ਲੋਕ ਕਹਿੰਦੇ ਹਨ ਕਿ ਜੇਕਰ ਘਪਲੇ ਦੇ ਦਾਅਵੇ ਸਹੀ ਹਨ ਤਾਂ ਉਕਤ ਘਪਲੇ ਕਰਨਾ ਮੁਲਾਜ਼ਮਾਂ ਤੇ ਅਫ਼ਸਰਾਂ ਲਈ ਕਿਸੇ ਸਿਆਸੀ ਸ਼ਹਿ ਤੋਂ ਬਿਨਾਂ ਸੰਭਵ ਨਹੀਂ ਹਨ। ਨਤੀਜਾ ਕੋਈ ਵੀ ਨਿਕਲੇ ਲੇਕਿਨ ਤਾਜ਼ਾ ਖ਼ੁਲਾਸਿਆਂ ਨੇ ਮੁਲਾਜ਼ਮਾਂ, ਅਫ਼ਸਰਸ਼ਾਹੀ ਅਤੇ ਸਿਆਸੀ ਆਗੂਆਂ ਦੀ ਕਾਰਜਪ੍ਰਣਾਲੀ ਉੱਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਸਲੇ ਬਾਰੇ ਬਲਾਕ ਪੰਚਾਇਤ ਅਧਿਕਾਰੀ ਨੇ ਸੰਪਰਕ ਕਰਨ ’ਤੇ ਕਿਹਾ ਕਿ ਸੰਘੋਲ ਲਾਇਬ੍ਰੇਰੀ ਨਿਰਮਾਣ ਕਾਰਜ ਉਨ੍ਹਾਂ ਦੀ ਨਿਯੁਕਤੀ ਤੋਂ ਪਹਿਲਾਂ ਦਾ ਮਾਮਲਾ ਹੈ ਅਤੇ ਤਕਨੀਕੀ ਤੌਰ ’ਤੇ ਉਕਤ ਕਾਰਜ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਜਦੋਂ ਪਾਣੀ ਦੇ ਟੈਂਕਰ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਵਿਭਾਗੀ ਨਿਯਮਾਂ ਅਨੁਸਾਰ ਕੰਮ ਹੋਇਆ ਹੈ। ਕਾਰਜ ਪੰਚਾਇਤਾਂ ਵਲੋਂ ਆਪਣੀ ਮਰਜ਼ੀ ਅਨੁਸਾਰ ਕਰਵਾਏ ਗਏ ਹਨ ਅਤੇ ਵਿਭਾਗ ਦੀ ਇਸ ਕੰਮ ’ਚ ਕੋਈ ਦਖ਼ਲ ਅੰਦਾਜ਼ੀ ਨਹੀਂ ਹੈ। ਮਾਮਲੇ ’ਚ ਲਗਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਹਨ। ਮਾਮਲੇ ਬਾਰੇ ਗੱਲ ਕਰਨ ਲਈ ਹਲਕਾ ਵਿਧਾਇਕ ਬਸੀ ਪਠਾਣਾਂ ਰੁਪਿੰਦਰ ਸਿੰਘ ਹੈਪੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਾਕਾਮ ਰਹੀ।
ਪਿਛਲੀ ਖ਼ਬਰ ਸੱਤਾਧਾਰੀਆਂ ਕੋਲ ਬਹੁਮਤ ਨਾ ਹੋਣ ’ਤੇ ਚੋਣ ਮੁਲਤਵੀ ਕਰਵਾਈ-ਭਾਜਪਾ ਹਲਕਾ ਇੰਚਾਰਜ ਜੱਗਾ ਅਗਲੀ ਖ਼ਬਰ ਐਸ.ਐਮ.ਓ. ਡਾ. ਬੇਦੀ ਨੇ ਦਸਤ ਰੋਕੂ ਮੁਹਿੰਮ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।