18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਐਸ.ਐਮ.ਓ. ਡਾ. ਬੇਦੀ ਨੇ ਦਸਤ ਰੋਕੂ ਮੁਹਿੰਮ ਸੰਬੰਧੀ ਕੀਤਾ ਜਾਗਰੂਕ

ਅਜੀਤ ਡੈਸਕ 25-06-2026
ਫ਼ਤਹਿਗੜ੍ਹ ਸਾਹਿਬ, 24 ਜੂਨ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਫ਼ਤਹਿਗੜ੍ਹ ਸਾਹਿਬ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿਖੇ ਦਸਤ ਰੋਕੂ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾ. ਬੇਦੀ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ 31 ਜੁਲਾਈ ਤੱਕ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਮੁੱਖ ਮੰਤਵ ਦਸਤਾਂ ਦੇ ਕਾਰਨ ਹੋਣ ਵਾਲੀਆਂ ਬਾਲ ਮੌਤਾਂ ਨੂੰ ਘੱਟ ਕਰਨਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਗਰਮੀਆਂ ਦੇ ਮੌਸਮ ਅਤੇ ਸਫ਼ਾਈ ਦੀ ਘਾਟ ਹੋਣ ਕਾਰਨ ਖ਼ਾਸ ਕਰਕੇ ਛੋਟੇ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਸਕਦੇ ਹਨ। ਇਸ ਲਈ ਗਰਮੀਆਂ ਦੇ ਮੌਸਮ ਵਿਚ ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਤੇ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ ਚਾਹੀਦਾ ਹੈ ਅਤੇ ਆਲ਼ੇ-ਦੁਆਲੇ ਦੀ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਦਸਤ ਲੱਗਣ ਦੀ ਸੂਰਤ ਵਿਚ ਓ.ਆਰ.ਐਸ ਦਾ ਘੋਲ ਤੁਰੰਤ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਨਾਲ ਜ਼ਿੰਕ ਦੀਆਂ ਗੋਲੀਆਂ ਜਾਂ ਜ਼ਿੰਕ ਦਾ ਘੋਲ 14 ਦਿਨਾਂ ਤੱਕ ਬੱਚੇ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਸਰੀਰ ਵਿਚ ਪਾਣੀ ਅਤੇ ਖਣਿਜ ਪਦਾਰਥਾਂ ਦੀ ਕਮੀ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਅਤੇ ਇਸ ਅਧੀਨ ਆਉਂਦੇ ਸਾਰੇ ਸਿਹਤ ਕੇਂਦਰਾਂ ਵਿਚ ਓ.ਆਰ.ਐਸ ਅਤੇ ਜ਼ਿੰਕ ਕਾਰਨਰ ਬਣਾਏ ਗਏ ਹਨ। ਆਸ਼ਾ ਵਰਕਰਾਂ ਦੁਆਰਾ ਘਰ-ਘਰ ਜਾ ਕੇ ਛੋਟੇ ਬੱਚੇ ਵਾਲੇ ਘਰਾਂ ਵਿਚ ਓ.ਆਰ.ਐਸ ਦੇ ਪੈਕਟ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਵੰਡ ਕੀਤੀ ਜਾਵੇਗੀ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਓ.ਆਰ.ਐਸ ਦਾ ਘੋਲ ਘਰ ਵਿਚ ਹੀ ਤਿਆਰ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਜ਼ਿਲ੍ਹਾ ਲੇਪ੍ਰੋਸੀ ਅਫ਼ਸਰ ਡਾ. ਹਰਪ੍ਰੀਤ ਕੌਰ, ਰਿਸਰਚ ਸਾਇੰਟਿਸਟ ਡਾ. ਸੰਪਨ ਅੱਤਰੀ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕਸ਼ੀਤਿਜ ਸੀਮਾ, ਐਲ.ਐਚ.ਵੀ ਜਸਵਿੰਦਰ ਕੌਰ, ਮੇਲ ਵਰਕਰ ਜਗਰੂਪ ਸਿੰਘ, ਏ.ਐਨ.ਐਮ ਜਰਨੈਲ ਕੌਰ, ਅਮਨਦੀਪ ਕੌਰ ਤੋਂ ਇਲਾਵਾ ਦੇਸ਼ ਭਗਤ ਨਰਸਿੰਗ ਕਾਲਜ ਤੋਂ ਕਿਰਨਦੀਪ ਕੌਰ, ਹਰਦੀਪ ਕੌਰ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ‘ਆਪ’ ਆਗੂ ਵਲੋਂ ਘਪਲਿਆਂ ਦੇ ਕੀਤੇ ਜਾ ਰਹੇ ਖ਼ੁਲਾਸਿਆਂ ਕਾਰਨ ਅਫ਼ਸਰਸ਼ਾਹੀ ਘਿਰੀ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਤਰਜ਼ ’ਤੇ ਪੰਚਾਇਤ ਪਿੰਡ ਵਾਸੀਆਂ ਨੂੰ ਬਣਦੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਸਰਪੰਚ ਇੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।