ਫ਼ਤਹਿਗੜ੍ਹ ਸਾਹਿਬ, 23 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਕਰਨ ‘ਪ੍ਰਯਾਗ ਉੱਤਰਾਖੰਡ’ ਵਿਖੇ ਨਿਹੰਗ ਸਿੰਘਾਂ ‘ਤੇ ਮੰਦਭਾਵਨਾ ਨਾਲ ਹਮਲਾ ਕਰਨ ਦੀ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕਿਰਪਾਨ ਹਰ ਅੰਮ੍ਰਿਤਧਾਰੀ ਸਿੱਖ ਵਲੋਂ ਪਹਿਨਣ ਅਤੇ ਆਪਣੇ ਨਾਲ ਲਿਜਾਣ ਦੀ ਉਨ੍ਹਾਂ ਨੂੰ ਵਿਧਾਨਿਕ ਕਾਨੂੰਨੀ ਮਾਨਤਾ ਪ੍ਰਾਪਤ ਹੈ, ਕਿਉਂਕਿ ਇਹ ਕਿਰਪਾਨ ਸਿੱਖ ਕੌਮ ਦੇ ਹਰ ਸਮੇਂ ਪਹਿਨੇ ਜਾਣ ਵਾਲੇ 5 ਕਕਾਰਾਂ ਵਿਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕਿਸੇ ਗੁਰਸਿੱਖ ਨੇ ਆਪਣੀ ਇਸ ਕਿਰਪਾਨ ਦੀ ਕਦੇ ਦੁਰਵਰਤੋਂ ਕੀਤੀ ਹੋਵੇ। ਪਰ ਜਦੋਂ ਕਿਤੇ ਕਿਸੇ ਗੁਰਸਿੱਖ ‘ਤੇ ਕੋਈ ਮੰਦਭਾਵਨਾ ਅਧੀਨ ਜਾਨਲੇਵਾ ਹਮਲੇ ਦੀ ਗੱਲ ਹੁੰਦੀ ਹੈ ਤਾਂ ਉਸ ਨੂੰ ਆਪਣੀ ਸਵੈ-ਰੱਖਿਆ ਲਈ ਇਸ ਦੀ ਵਰਤੋਂ ਕਰਨ ਦੀ ਧਰਮੀ ਅਤੇ ਕੌਮੀ ਇਜਾਜ਼ਤ ਵੀ ਹੈ, ਪਰ ਸਵੈ ਰੱਖਿਆ ਕਾਰਵਾਈ ਨੂੰ ਪੰਥ ਵਿਰੋਧੀ ਤਾਕਤਾਂ ਵਲੋਂ ਗ਼ਲਤ ਰੰਗਤ ਦੇ ਕੇ ਸਿੱਖ ਕੌਮ ਦੇ ਅਕਸ ਨੂੰ ਢਾਹ ਲਾਈ ਜਾਂਦੀ ਹੈ। ਅਜਿਹਾ ਹੀ ਕੁਝ ਕਰਨ ਪ੍ਰਯਾਗ ਉੱਤਰਾਖੰਡ ਵਿਚ ਸਾਹਮਣੇ ਆਇਆ ਹੈ। ਕਿਉਂਕਿ ਕਰਨ ਪਰਿਆਗ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਪਹਿਲਾਂ ਨਿਹੰਗ ਸਿੰਘਾਂ ‘ਤੇ ਲਾਠੀਆਂ ਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ। ਜਦੋਂ ਨਿਹੰਗ ਸਿੰਘਾਂ ਨੇ ਆਪਣੀ ਸਵੈ ਰੱਖਿਆ ਲਈ ਆਪਣੀਆਂ ਕਿਰਪਾਨਾਂ ਕੱਢੀਆਂ ਤਾਂ ਵਾਇਰਲ ਵੀਡੀਓ ਵਿਚ ਉੱਥੋਂ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਦੋਸ਼ੀ ਗਰਦਾਨਿਆ ਗਿਆ। ਸ. ਟਿਵਾਣਾ ਨੇ ਦੋਸ਼ ਲਗਾਇਆ ਕਿ ਉੱਥੋਂ ਦੀ ਹਕੂਮਤ ਜਾਣਬੁੱਝ ਕੇ ਅਜਿਹੇ ਸ਼ਰਾਰਤੀ ਲੋਕਾਂ ਨੂੰ ਸ਼ਹਿ ਦੇ ਕੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੇ ਨਾਲ-ਨਾਲ ਸਿੱਖ ਕੌਮ ਵਿਰੁੱਧ ਨਫ਼ਰਤ ਪੈਦਾ ਕਰਨ ਦੇ ਕੇਵਲ ਗੈਰ ਸਮਾਜਿਕ ਅਮਲ ਹੀ ਨਹੀਂ ਕਰ ਰਹੀ ਬਲਕਿ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ‘ਤੇ ਕਾਨੂੰਨੀ ਪਾਬੰਦੀਆਂ ਲਗਾਉਣ ਦੀਆਂ ਯੋਜਨਾਬੰਦੀ ਢੰਗ ਨਾਲ ਸਾਜ਼ਿਸ਼ਾਂ ਵੀ ਰਚ ਰਹੀ ਹੈ। ਜਿਸ ਦੇ ਨਤੀਜੇ ਕਦਾਚਿਤ ਅਮਨ ਚੈਨ ਨੂੰ ਕਾਇਮ ਰੱਖਣ ਲਈ ਸਹੀ ਸਾਬਤ ਨਹੀਂ ਹੋਣਗੇ।