ਸਰਕਾਰੀ ਸਕੂਲ ਡਡਹੇੜੀ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
ਮੰਡੀ ਗੋਬਿੰਦਗੜ੍ਹ, 20 ਅਕਤੂਬਰ (ਇਕਬਾਲਦੀਪ ਸੰਧੂ)- ਸਰਕਾਰੀ ਹਾਈ ਸਮਾਰਟ ਸਕੂਲ ਡਡਹੇੜੀ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਲਾਕ ਪੱਧਰੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਨਾਇਬ ਤਹਿਸੀਲਦਾਰ ਮੰਡੀ ਗੋਬਿੰਦਗੜ੍ਹ ਕਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਰਹੇ ਤੇ ਦੀਪਕ ਕੁਮਾਰ ਜ਼ਿਲ੍ਹਾ ਨੋਡਲ, ਯੁੱਧ ਨਸ਼ਿਆਂ ਵਿਰੁੱਧ ਵੀ ਮਹਿਮਾਨ ਵਜੋਂ ਪਹੁੰਚੇ।
ਮੰਡੀ ਗੋਬਿੰਦਗੜ੍ਹ, 20 ਅਕਤੂਬਰ (ਇਕਬਾਲਦੀਪ ਸੰਧੂ)- ਸਰਕਾਰੀ ਹਾਈ ਸਮਾਰਟ ਸਕੂਲ ਡਡਹੇੜੀ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਲਾਕ ਪੱਧਰੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਨਾਇਬ ਤਹਿਸੀਲਦਾਰ ਮੰਡੀ ਗੋਬਿੰਦਗੜ੍ਹ ਕਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਰਹੇ ਤੇ ਦੀਪਕ ਕੁਮਾਰ ਜ਼ਿਲ੍ਹਾ ਨੋਡਲ, ਯੁੱਧ ਨਸ਼ਿਆਂ ਵਿਰੁੱਧ ਵੀ ਮਹਿਮਾਨ ਵਜੋਂ ਪਹੁੰਚੇ। ਸਕੂਲ ਦੀ ਮੁੱਖ ਅਧਿਆਪਕਾ ਅਤੇ ਬੀ.ਐੱਨ.ਓ. ਸਰਿਤਾ ਸਿੰਗਲਾ ਵਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੁਕਾਬਲੇ ਵਿਚ ਬਲਾਕ ਦੇ ਲਗਪਗ 24 ਸਕੂਲਾਂ ਦੇ 60 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਆਪਣੇ ਪੋਸਟਰਾਂ ਰਾਹੀਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਨੂੰ ਦਰਸਾਉਂਦਿਆਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਦੇਸ਼ ਦਿੱਤਾ। ਮੁਕਾਬਲੇ ਦੇ ਨਤੀਜਿਆਂ ਅਨੁਸਾਰ ਜੂਨੀਅਰ ਵਰਗ ਵਿਚ ਹਰਕਸ਼ਾ ਮਾਧਵ ਨੇ ਪਹਿਲਾ, ਇਫ਼ਾਕ ਅਨਸਾਰੀ ਨੇ ਦੂਜਾ ਅਤੇ ਈਸ਼ਵਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੀਨੀਅਰ ਵਰਗ ਵਿਚ ਵਿਦੂਸ਼ੀ ਮੰਡਲ ਨੇ ਪਹਿਲਾ, ਮਨਜੋਤ ਕੌਰ ਨੇ ਦੂਜਾ ਤੇ ਇਕਮਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਿਤਾ ਸਿੰਗਲਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਅੰਬਿਕਾ ਗਰੋਵਰ (ਬੀ.ਆਰ.ਸੀ.) ਤੇ ਪਰਵਿੰਦਰ ਸਿੰਘ (ਬੀ.ਆਰ.ਸੀ.) ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਹ ਮੁਕਾਬਲਾ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਵਿਚ ਨਸ਼ਾ ਵਿਰੋਧੀ ਚੇਤਨਾ ਫੈਲਾਉਣ ਲਈ ਪ੍ਰੇਰਿਤ ਕਰਨ ਵਾਸਤੇ ਇਕ ਸਾਰਥਿਕ ਉਪਰਾਲਾ ਸਾਬਤ ਹੋਇਆ।