ਫ਼ਤਹਿਗੜ੍ਹ ਸਾਹਿਬ, 23 ਜੂਨ (ਬਲਜਿੰਦਰ ਸਿੰਘ)-ਸਰਹਿੰਦ ਸੇਵਾ ਦਲ ਵਲੋਂ 20ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਅਨਾਜ ਮੰਡੀ ਸਰਹਿੰਦ ਵਿਖੇ ਕਰਵਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਅਤੇ ਸਮੂਹ ਪ੍ਰਬੰਧਕਾਂ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਅਤੇ ਅਧਿਆਤਮਿਕਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਿਚ ਵੀ ਅਜਿਹੇ ਸਮਾਗਮ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਾਗਰਣ ਦੌਰਾਨ ਭਜਨ ਗਾਇਕ ਦੁਰਗਾ ਰੰਗੀਲਾ ਅਤੇ ਦੀਪਕ ਮਾਨ ਨੇ ਮਾਂ ਭਗਵਤੀ ਦੇ ਸੁੰਦਰ ਭਜਨਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਪੂਰੇ ਮਾਹੌਲ ਨੂੰ ਭਗਤੀ ਰਸ ਵਿਚ ਰੰਗ ਦਿੱਤਾ ਅਤੇ ਸੰਗਤਾਂ ਨੇ ਮਾਤਾ ਦੇ ਜੈਕਾਰੇ ਲਗਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦੇ ਅੰਤ ਵਿਚ ਮਾਂ ਭਗਵਤੀ ਦੀ ਆਰਤੀ ਉਪਰੰਤ ਸੰਗਤਾਂ ਵਿਚ ਪ੍ਰਸ਼ਾਦ ਵੰਡਿਆ ਗਿਆ। ਕੁਲਜੀਤ ਸਿੰਘ ਨਾਗਰਾ ਨੇ ਸਰਹਿੰਦ ਸੇਵਾ ਦਲ ਦੀ ਸਮੁੱਚੀ ਟੀਮ ਵਲੋਂ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਕਾਮਨਾ ਕੀਤੀ। ਇਸ ਮੌਕੇ ’ਤੇ ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਦਵਿੰਦਰ ਸਿੰਘ ਜੱਲ੍ਹਾ, ਜ਼ਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ, ਹਰਦੀਪ ਸਿੰਘ ਹੈਪੀ, ਗੁਰਸੇਵਕ ਸਿੰਘ ਵਜੀਰਾਵਾਦ, ਮਨੀਸ਼ ਮਲਹੋਤਰਾ, ਦੀਪਕ ਮਲਹੋਤਰਾ, ਰਾਜਾ ਸਰਹਿੰਦ, ਰਾਜੂ ਸ਼ਰਮਾ ਪ੍ਰਧਾਨ, ਅਮਨ ਸ਼ਰਮਾ, ਜਸਪਾਲ ਭਾਊ, ਮਨਜੋਤ, ਪ੍ਰਭਜੋਤ ਸਾਗੂ, ਗੁਰਮੁਖ ਜੱਲ੍ਹਾ, ਰਾਜੂ ਕੁਰਾਲੀ, ਪ੍ਰਕਾਸ਼ ਦੇਵੀ ਸਮੇਤ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕਰਕੇ ਮਾਂ ਭਗਵਤੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।