ਮੰਡੀ ਗੋਬਿੰਦਗੜ੍ਹ, 30 ਮਾਰਚ (ਰਾਜੇਸ਼ ਸ਼ਰਮਾ)-ਪਿਛਲੇ ਲੰਮੇ ਸਮੇਂ ਤੋਂ ਖ਼ਸਤਾ ਹਾਲਤ ਕਾਰਨ ਲੋਕਾਂ ਲਈ ਮੁਸ਼ਕਿਲਾਂ ਦਾ ਕਾਰਨ ਬਣੀ ਰੇਲਵੇ ਫਾਟਕ ਤੋਂ ਦੀਪਕ ਮਿਲ ਤੱਕ ਦੀ ਸੜਕ ਹੁਣ ਜਲਦ ਹੀ ਨਵੇਂ ਰੂਪ ਵਿਚ ਨਜ਼ਰ ਆਵੇਗੀ, ਵਾਰਡ ਨੰ. 1 ਦੀ ਕੌਂਸਲਰ ਪੂਜਾ ਸ਼ਰਮਾ ਦੇ ਯਤਨਾਂ ਸਦਕਾ ਇਸ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਨਾਲ ਸਥਾਨਕ ਵਸਨੀਕਾਂ ਸਮੇਤ ਇੱਥੇ ਪੈਂਦੀ ਉਦਯੋਗਿਕ ਇਕਾਈਆਂ ਨੂੰ ਵੀ ਵੱਡੀ ਰਾਹਤ ਮਿਲੇਗੀ | ਲਗਪਗ 73 ਲੱਖ 16 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਸ ਸੜਕ ਦਾ ਉਦਘਾਟਨ ਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਕੌਂਸਲਰ ਪੂਜਾ ਸ਼ਰਮਾ ਅਤੇ 'ਆਪ' ਆਗੂ ਬਲਦੇਵ ਸ਼ਰਮਾ ਸਮੇਤ ਇਲਾਕੇ ਦੇ ਕਈ ਮੁਹਤਵਰ ਵਿਅਕਤੀ ਵੀ ਮੌਜੂਦ ਰਹੇ | ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਲੋਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਤਰਜੀਹ ਦੇ ਅਧਾਰ 'ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਇਹ ਸੜਕ ਬਣਨ ਨਾਲ ਆਵਾਜਾਈ ਸੁਖਾਲੀ ਹੋਵੇਗੀ ਤੇ ਇਲਾਕੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ | ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਂ ਤਿਆਰੀ ਲਈ ਨਗਰ ਕੌਂਸਲ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਉੱਚ ਗੁਣਵੱਤਾ ਨਾਲ ਸਮੇਂ ਸਿਰ ਪੂਰਾ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਨੀਲਮ ਰਾਣੀ, ਨਰੇਸ਼ ਸ਼ਰਮਾ, ਬਲਵਿੰਦਰ ਖੰਨਾ, ਨਰਿੰਦਰ ਭਾਟੀਆ, ਵਿਨੋਦ, ਗੁਰਪ੍ਰੀਤ ਸਿੰਘ, ਦਿਨੇਸ਼ ਅਗਰਵਾਲ, ਅਜੇ ਬਾਂਸਲ, ਭੂਸ਼ਣ ਗੇਰਾ, ਰਵਿੰਦਰ ਸਿੰਘ, ਨਿਰਮਲ ਸਿੰਘ, ਗੁਰਮੀਤ ਸਿੰਘ ਫੋਰਮੈਨ, ਸ਼ਾਂਗੁਰ ਠੇਕੇਦਾਰ, ਮਨਜੀਤ ਸਿੰਘ ਜੈਸਵਾਲ ਅਤੇ ਮੁਹੱਲਾ ਨਿਵਾਸੀ ਮੌਜੂਦ ਸਨ |